ਬੰਦ ਕੋਠੀ 'ਚ ਦਾਖਲ ਹੋਏ ਚੋਰ, ਮੌਕੇ 'ਤੇ ਪਹੁੰਚ ਕੇਅਰ ਟੇਕਰ ਨੇ ਡੰਡੇ ਨਾਲ ਕੀਤਾ ਇਕ 'ਤੇ ਵਾਰ

06/24/2018 11:03:35 AM

ਜਲੰਧਰ (ਵਰੁਣ)— ਜਲੰਧਰ ਵਰਗੇ ਸ਼ਹਿਰ 'ਚ ਦਿਨ-ਬ-ਦਿਨ ਵੱਧ ਰਹੀ ਲੁੱਟਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਲੋਕਾਂ 'ਚ ਡਰ ਹੈ, ਉਥੇ ਹੀ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਬੇਖੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਭਾਰਗਵ ਕੈਂਪ 'ਚੋਂ ਸਾਹਮਣੇ ਆਇਆ ਹੈ, ਜਿੱਥੇ ਦਿਓਲ ਨਗਰ ਦੀ ਇਕ ਬੰਦ ਪਈ ਕੋਠੀ 'ਚ 3 ਚੋਰਾਂ ਨੇ ਧਾਵਾ ਬੋਲ ਦਿੱਤਾ। ਦਿਓਲ ਨਗਰ ਦੇ ਕਰਤਾਰ ਨਗਰ 'ਚ ਇਕ ਕੋਠੀ ਅੰਦਰ ਵੜ ਕੇ ਏ. ਸੀ. ਦੀਆਂ ਤਾਰਾਂ ਕੱਟ ਰਹੇ 3 ਨਾਬਾਲਗਾਂ ਨੂੰ ਕੋਠੀ ਦੇ ਕੇਅਰ ਟੇਕਰ ਨੇ ਰੰਗੇ ਹੱਥੀਂ ਫੜ ਲਿਆ। ਨਾਬਾਲਗਾਂ ਨੇ ਕੇਅਰ ਟੇਕਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਖੁਦ ਦਾ ਬਚਾਅ ਕਰਨ ਲਈ ਜਦੋਂ ਕੇਅਰ ਟੇਕਰ ਨੇ ਡੰਡਾ ਚੁੱਕ ਕੇ ਨਾਬਾਲਗਾਂ 'ਤੇ ਹਮਲਾ ਕੀਤਾ ਤਾਂ ਡੰਡੇ 'ਤੇ ਲੱਗਾ ਕਿੱਲ ਇਕ ਨਾਬਾਲਗ ਦੀ ਬਾਂਹ ਵਿਚ ਫਸ ਗਿਆ, ਜਿਸ ਕਾਰਨ ਨਾਬਾਲਗ ਗੰਭੀਰ ਜ਼ਖਮੀ ਹੋ ਗਿਆ। ਇਸ ਦੌਰਾਨ 2 ਨਾਬਾਲਗ ਹੱਥ ਛੁਡਾ ਕੇ ਭੱਜ ਗਏ। ਕੇਅਰ ਟੇਕਰ ਨੇ ਖੁਦ ਪੁਲਸ ਨੂੰ ਸੂਚਨਾ ਦਿੱਤੀ। ਜ਼ਖਮੀ ਨਾਬਾਲਗ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 
ਜਾਣਕਾਰੀ ਦਿੰਦਿਆਂ ਕਰਤਾਰ ਨਗਰ ਵਾਸੀ ਅੰਨੇਲੂ ਨੇ ਦੱਸਿਆ ਕਿ 2 ਵਾਰ ਪਹਿਲਾਂ ਵੀ ਕੋਠੀ 'ਚ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਸ਼ਨੀਵਾਰ ਦੁਪਹਿਰ ਸਮੇਂ ਜਦੋਂ ਉਹ ਬਾਥਰੂਮ 'ਚ ਸੀ ਤਾਂ ਉਸ ਨੇ ਬਾਹਰੋਂ ਕੁਝ ਆਵਾਜ਼ਾਂ ਸੁਣੀਆਂ। ਬਾਹਰ ਆਇਆ ਤਾਂ ਦੇਖਿਆ ਕਿ ਦੋ ਲੜਕਿਆਂ ਨੇ ਉਸ ਦੇ ਏ. ਸੀ. ਦੀਆਂ ਤਾਰਾਂ ਕੱਟੀਆਂ ਹੋਈਆਂ ਸਨ, ਜਦਕਿ ਇਕ ਲੜਕਾ ਏ. ਸੀ. ਕੋਲ ਖੜ੍ਹਾ ਸੀ।
ਅੰਨੇਲੂ ਦਾ ਕਹਿਣਾ ਹੈ ਕਿ ਤਿੰਨਾਂ ਨੇ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਲ ਹੀ ਡੰਡਾ ਪਿਆ ਸੀ। ਉਸ ਨੇ ਨਾਬਾਲਗਾਂ 'ਤੇ ਡੰਡਾ ਮਾਰਿਆ ਤਾਂ ਡੰਡੇ ਦੇ ਅੱਗੇ ਲੱਗਾ ਕਿੱਲ ਇਕ ਨਾਬਾਲਗ ਦੀ ਬਾਂਹ ਵਿਚ ਫਸ ਗਿਆ, ਜੋ ਬਾਂਹ ਨੂੰ ਚੀਰਦਾ ਗਿਆ। ਨਾਬਾਲਗ ਦੀ ਬਾਂਹ 'ਚੋਂ ਖੂਨ ਨਿਕਲਦਾ ਦੇਖ ਹੋਰ ਦੋ ਨਾਬਾਲਗ ਭੱਜ ਗਏ। 

PunjabKesari

ਕੇਅਰ ਟੇਕਰ ਨੇ ਖੁਦ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਨਾਬਾਲਗ ਲੜਕੇ ਨੂੰ ਨਿੱਜੀ ਹਸਪਤਾਲ ਤੋਂ ਬਾਅਦ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਬੱਚੇ ਕੋਠੀ ਵਿਚ ਗੇਂਦ ਲੈਣ ਗਏ ਸੀ ਕਿ ਕੇਅਰ ਟੇਕਰ ਨੇ ਚੋਰ ਸਮਝ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

PunjabKesari

ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚ ਰਾਜ਼ੀਨਾਮਾ ਹੋ ਗਿਆ ਹੈ। ਜ਼ਖਮੀ ਹੋਇਆ ਨਾਬਾਲਗ ਵੀ ਉਥੇ ਨੇੜੇ ਹੀ ਰਹਿੰਦਾ ਹੈ, ਜੋ ਬੋਲ-ਸੁਣ ਨਹੀਂ ਸਕਦਾ। ਪੁਲਸ ਨੇ ਨਾਬਾਲਗ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ।


Related News