ਫਿਰੋਜ਼ਪੁਰ : ਕਾਰ ਦਾ ਸ਼ੀਸ਼ਾ ਤੋੜ ਕੇ ਕੀਤੀ 3 ਲੱਖ ਦੀ ਚੋਰੀ
Thursday, Feb 28, 2019 - 04:49 PM (IST)
ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਦੇ ਸ਼ਹੀਦ ਉਦਮ ਸਿੰਘ ਚੌਕ 'ਚ ਅੱਜ ਦੁਪਹਿਰ ਦੇ ਸਮੇਂ ਚੋਰਾਂ ਵਲੋਂ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਉਸ 'ਚੋਂ ਲੱਖਾਂ ਰੁਪਏ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਆੜ੍ਹਤੀ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਬੈਗ 'ਚ 3 ਲੱਖ ਰੁਪਏ ਸਨ, ਜਿਸ ਨੂੰ ਚੋਰ ਲੈ ਕੇ ਫਰਾਰ ਹੋਏ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਾਣਾ ਮੰਡੀ ਫਿਰੋਜ਼ਪੁਰ ਦੇ ਆੜ੍ਹਤੀ ਬਲਦੇਵ ਸਿੰਘ ਭੁੱਲਰ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਉਹ ਆਪਣੀ ਕਾਰ ਨੰ: ਪੀ.ਬੀ. 05 ਐੱਫ-0077 'ਚ ਸਵਾਰ ਹੋ ਕੇ ਦਾਣਾ ਮੰਡੀ ਜਾ ਰਿਹਾ ਸੀ ਕਿ ਰਸਤੇ 'ਚ ਉਹ ਸ਼ਹੀਦ ਉਧਮ ਸਿੰਘ ਚੌਕ 'ਚ ਰੁੱਕ ਗਿਆ ਅਤੇ ਇਕ ਦੁਕਾਨ ਦੇ ਅੰਦਰ ਚਲਾ ਗਿਆ। ਦੁਕਾਨ ਤੋਂ ਵਾਪਸ ਆਉਣ 'ਤੇ ਉਸ ਨੇ ਦੇਖਿਆ ਕਿ ਉਸ ਦੀ ਕਾਰ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਉਸ ਦੇ ਅੰਦਰ ਪਿਆ ਤਿੰਨ ਲੱਖ ਰੁਪਏ ਦਾ ਬੈਗ ਗਾਇਬ ਸੀ। ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂਕਿ ਚੋਰ ਦਾ ਪਤਾ ਲਗਾਇਆ ਜਾ ਸਕੇ।