ਸਟੀਲ ਕਾਰੋਬਾਰੀ ਨੂੰ ਲੁੱਟਣ ਤੋਂ ਪਹਿਲਾਂ ਗੰਨ ਪੁਆਇੰਟ 'ਤੇ ਖੋਹਿਆ ਮੋਟਰਸਾਈਕਲ

Friday, Jun 08, 2018 - 05:34 AM (IST)

ਲੁਧਿਆਣਾ(ਰਿਸ਼ੀ)-ਬੁੱਧਵਾਰ ਰਾਤ ਧਾਂਦਰਾ ਰੋਡ 'ਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟੇ ਗਏ ਮੋਟਰਸਾਈਕਲ ਦੀ ਵਰਤੋਂ ਸਟੀਲ ਕਾਰੋਬਾਰੀ ਨੂੰ ਲੁੱਟਣ ਲਈ ਕਰਨੀ ਸੀ। ਗੈਂਗ ਦਾ ਮਾਸਟਰਮਾਈਂਡ ਆਪਣੀ ਟਰਾਂਸਪੋਰਟ 'ਤੇ ਬੈਠ ਕੇ ਆਪਣੇ ਇਕ ਸਾਥੀ ਦੇ ਨਾਲ ਵਾਰਦਾਤ ਦੀ ਤਿਆਰੀ ਕਰ ਰਿਹਾ ਸੀ ਅਤੇ ਗੈਂਗ ਦੇ 3 ਮੈਂਬਰਾਂ ਨੂੰ ਮੋਟਰਸਾਈਕਲ 'ਤੇ ਇਕ ਹੋਰ ਮੋਟਰਸਾਈਕਲ ਲੁੱਟਣ ਲਈ ਭੇਜਿਆ ਸੀ ਤਾਂ ਕਿ ਉਸ 'ਤੇ ਵਾਰਦਾਤ ਕੀਤੀ ਜਾਵੇ ਅਤੇ ਬਾਅਦ ਵਿਚ ਪੁਲਸ ਉਨ੍ਹਾਂ ਤੱਕ ਨਾ ਪੁੱਜ ਸਕੇ ਪਰ ਕਮਿਸ਼ਨਰੇਟ ਪੁਲਸ ਨੇ ਸਿਰਫ 20 ਮਿੰਟ ਵਿਚ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਯੋਜਨਾ ਨੂੰ ਫਲਾਪ ਕਰ ਦਿੱਤਾ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਏ. ਡੀ. ਸੀ. ਪੀ. ਸੰਦੀਪ ਸ਼ਰਮਾ, ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਸਾਰੇ ਲੁਟੇਰਿਆਂ ਨੂੰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਅਤੇ 2 ਦਿਨ ਦੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਗੈਂਗ ਦਾ ਮਾਸਟਰ ਮਾਈਂਡ 1 ਸਾਲ ਪਹਿਲਾਂ ਹੀ ਫਿਰੋਜ਼ਪੁਰ ਤੋਂ ਲੁਧਿਆਣਾ ਆਇਆ ਹੈ ਅਤੇ ਉਸ ਦੀ ਗਿੱਲ ਬਾਈਪਾਸ ਕੋਲ ਟਰਾਂਸਪੋਰਟ ਹੈ। ਗੈਂਗ ਦੇ 3 ਮੈਂਬਰ ਫਿਰੋਜ਼ਪੁਰ ਤੋਂ ਉਸ ਦੇ ਪੁਰਾਣੇ ਸਾਥੀ ਹਨ, ਜਦੋਂਕਿ ਇਕ ਉੁਸ ਦੇ ਕੋਲ ਡਰਾਈਵਰ ਦੀ ਨੌਕਰੀ ਕਰਦਾ ਹੈ। ਪੈਸੇ ਦੀ ਕਮੀ ਕਾਰਨ ਉਨ੍ਹਾਂ ਨੇ ਵਾਰਦਾਤ ਦੀ ਯੋਜਨਾ ਬਣਾਈ ਅਤੇ ਫੋਨ ਕਰ ਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਪੁਲਸ ਮੁਤਾਬਕ ਬਰਾਮਦ ਨਾਜਾਇਜ਼ ਰਿਵਾਲਵਰ ਮਾਸਟਰ ਮਾਈਂਡ ਆਪ ਹੀ ਯੂ. ਪੀ. ਤੋਂ 5500 ਰੁਪਏ ਵਿਚ ਇਕ ਮਹੀਨਾ ਪਹਿਲਾਂ ਖਰੀਦ ਕੇ ਲਿਆਇਆ ਸੀ।
ਇਹ ਸੀ ਸਾਰਾ ਮਾਮਲਾ 
ਬੁੱਧਵਾਰ ਸ਼ਾਮ 7 ਵਜੇ ਰਾਜ ਮਿਸਤਰੀ ਰਾਮ ਪ੍ਰਕਾਸ਼ ਆਪਣੇ ਸਾਥੀ ਸ਼ਿਵ ਨਾਰਾਇਣ ਨਾਲ ਜੀ. ਕੇ. ਇਨਕਲੇਵ ਜਾ ਰਿਹਾ ਸੀ। ਰੇਲਵੇ ਰੋਡ ਕੋਲ ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨਾਂ ਨੇ ਮੋਟਰਸਾਈਕਲ ਖੋਹਣ ਦਾ ਯਤਨ ਕੀਤਾ। ਵਿਰੋਧ ਕਰਨ 'ਤੇ ਉਨ੍ਹਾਂ ਨੇ ਗੋਲੀ ਮਾਰ ਦਿੱਤੀ, ਜੋ ਪੈਰਾਂ ਵਿਚ ਜਾ ਲੱਗੀ। ਵਾਰਦਾਤ ਦਾ ਪਤਾ ਲਗਦੇ ਹੀ ਪੁਲਸ ਵੱਲੋਂ ਕੰਟੋਰਲ ਰੂਮ 'ਤੇ ਮੈਸੇਜ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਡੇਹਲੋਂ ਦੀ ਪੁਲਸ ਨੇ 20 ਮਿੰਟ ਬਾਅਦ ਹੀ ਅੱਧਾ ਕਿਲੋਮੀਟਰ ਦੂਰ ਲਾਏ ਨਾਕੇ ਤੋਂ ਤਿੰਨੋਂ ਲੁਟੇਰਿਆਂ ਨੂੰ 2 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਹੋਰਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ।
ਲੁਟੇਰਿਆਂ ਨੂੰ ਫੜਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਤ
ਲੁਟੇਰਿਆਂ ਨੂੰ ਫੜਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਪੁਲਸ ਕਮਿਸ਼ਨਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ, ਜਿਨ੍ਹਾਂ 'ਚ ਏ. ਐੱਸ. ਆਈ. ਬਲਵੀਰ ਸਿੰਘ, ਏ. ਐੱਸ. ਆਈ. ਗੁਰਮੇਲ ਸਿੰਘ, ਹੈੱਡ ਕਾਂਸਟੇਬਲ ਜਗਜੀਤ ਸਿੰਘ, ਕਾਂਸਟੇਬਲ ਮਨਦੀਪ ਸਿੰਘ, ਕਾਂਸਟੇਬਲ ਹਰਪਾਲ ਸਿੰਘ ਅਤੇ ਕਾਂਸਟੇਬਲ ਹਰਜੀਤ ਖਾਨ ਸ਼ਾਮਲ ਹਨ।
6 ਅਪ੍ਰੈਲ ਨੂੰ ਲੋਹਾ ਕਾਰੋਬਾਰੀ ਬਾਪ-ਬੇਟੇ ਨਾਲ ਹੋਈ 8.5 ਲੱਖ ਦੀ ਲੁੱਟ ਵੀ ਹੱਲ
ਪੁਲਸ ਦਾ ਦਾਅਵਾ ਹੈ ਕਿ ਬੀਤੀ 6 ਅਪ੍ਰੈਲ ਰਾਤ 8 ਵਜੇ ਮਿਲਰਗੰਜ ਸਥਿਤ ਆਪਣੀ ਫੈਕਟਰੀ ਤੋਂ ਮਾਡਲ ਟਾਊਨ ਸਥਿਤ ਕਾਰ ਵਿਚ ਘਰ ਪੁੱਜੇ ਲੋਹਾ ਕਾਰੋਬਾਰੀ ਕੁਲਦੀਪ ਕੁਮਾਰ (60) ਅਤੇ ਬੇਟੇ ਰਿਸ਼ੀ (35) ਤੋਂ ਗੰਨ ਪੁਆਇੰਟ 'ਤੇ 8.5 ਲੱਖ ਦੀ ਲੁੱਟ ਦੀ ਵਾਰਦਾਤ ਇਸੇ ਗੈਂਗ ਨੇ ਕੀਤੀ ਸੀ। ਫੜੇ ਗਏ 5 ਮੈਂਬਰਾਂ ਤੋਂ ਇਲਾਵਾ ਗੈਂਗ ਵਿਚ 2 ਹੋਰ ਮੈਂਬਰ ਸਨ, ਜਿਨ੍ਹਾਂ ਦੀ ਪੁਲਸ ਨੂੰ ਪਛਾਣ ਹੋ ਗਈ ਹੈ।
ਦੋਸ਼ੀਆਂ 'ਤੇ ਪਹਿਲਾਂ ਵੀ ਕਈ ਪਰਚੇ ਦਰਜ
ਪੁਲਸ ਮੁਤਾਬਕ ਫੜੇ ਗਏ ਦੋਸ਼ੀਆਂ 'ਤੇ ਪਹਿਲਾਂ ਵੀ ਕੁੱਟ-ਮਾਰ, ਚੋਰੀ, ਨਸ਼ਾ ਸਮੱਗਲਿੰਗ, ਆਰਮਜ਼ ਐਕਟ ਦੇ ਕਈ ਕੇਸ ਦਰਜ ਹਨ।
ਨਾਕਾਬੰਦੀ ਦੌਰਾਨ ਫੜੇ ਗਏ ਲੁਟੇਰਿਆਂ ਦੀ ਪਛਾਣ 
* ਯਾਦਵਿੰਦਰ ਸਿੰਘ ਨਿਵਾਸੀ ਫਿਰੋਜ਼ਪੁਰ।
* ਪਰਮਿੰਦਰ ਸਿੰਘ ਨਿਵਾਸੀ ਪਿੰਡ ਖੇੜੀ। (ਡਰਾਈਵਰ)
* ਗੁਰਪ੍ਰੀਤ ਸਿੰਘ ਨਿਵਾਸੀ ਫਿਰੋਜ਼ਪੁਰ।
ਟਰਾਂਸਪੋਰਟ ਤੋਂ ਫੜੇ ਗਏ ਲੁਟੇਰਿਆਂ ਦੀ ਪਛਾਣ 
* ਸੋਨਾ ਸਿੰਘ ਨਿਵਾਸੀ ਫਿਰੋਜ਼ਪੁਰ।
* ਪਰਮਿੰਦਰ ਸਿੰਘ ਨਿਵਾਸੀ ਸਤਜੋਤ ਨਗਰ, ਧਾਂਦਰਾ (ਮਾਸਟਰ ਮਾਈਂਡ)
ਬਰਾਮਦਗੀ
* 315 ਬੋਰ ਦਾ ਦੇਸੀ ਰਿਵਾਲਵਰ ਅਤੇ 2 ਜ਼ਿੰਦਾ ਕਾਰਤੂਸ।
* ਵਾਰਦਾਤ ਵਿਚ ਵਰਤਿਆ ਗਿਆ ਬਜਾਜ ਡਿਸਕਵਰ ਮੋਟਰਸਾਈਕਲ।
* ਲੁੱਟਿਆ ਗਿਆ ਮੋਟਰਸਾਈਕਲ ਹੀਰੋ ਸਪਲੈਂਡਰ।


Related News