ਕੌਂਸਲਰ ਦੇ ਮੁਨੀਮ ਤੋਂ ਅਣਪਛਾਤੇ ਲੁਟੇਰੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ
Monday, Dec 04, 2017 - 12:45 PM (IST)
ਮੋਗਾ (ਆਜ਼ਾਦ) - ਨਗਰ ਨਿਗਮ ਮੋਗਾ ਦੇ ਕੌਂਸਲਰ ਪ੍ਰੇਮ ਚੰਦ ਦੀ ਚੱਕੀ 'ਤੇ ਮੁਨੀਮ ਲੱਗੇ ਓਮ ਪ੍ਰਕਾਸ਼ ਨਿਵਾਸੀ ਅਜੀਤ ਨਗਰ ਮੋਗਾ ਤੋਂ ਅਣਪਛਾਤੇ ਲੁਟੇਰਿਆਂ ਵੱਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਓਮ ਪ੍ਰਕਾਸ਼ ਪੁੱਤਰ ਕਸਤੂਰੀ ਲਾਲ ਨੇ ਦੱਸਿਆ ਕਿ ਉਹ ਪ੍ਰੇਮ ਚੱਕੀ ਵਾਲੇ ਦੀ ਫਿਲੌਰ ਮਿੱਲ 'ਤੇ ਮੁਨੀਮ ਲੱਗਾ ਹੋਇਆ ਹੈ। ਰੋਜ਼ਾਨਾ ਦੀ ਤਰ੍ਹਾਂ ਉਸ ਨੇ ਸ਼ਾਮ ਨੂੰ ਵੱਖ-ਵੱਖ ਦੁਕਾਨਾਂ ਤੋਂ ਪੇਮੈਂਟ ਇਕੱਠੀ ਕੀਤੀ ਅਤੇ ਬੀਤੀ ਦੇਰ ਰਾਤ ਜਦੋਂ ਮੈਂ ਪੈਸੇ ਇਕੱਠੇ ਕਰ ਕੇ ਦੁਸਾਂਝ ਰੋਡ ਮੋਗਾ 'ਤੇ ਸਥਿਤ ਸੰਘਾ ਡੇਅਰੀ ਦੇ ਸਾਹਮਣੇ ਵਾਲੀ ਗਲੀ 'ਚੋਂ ਆਪਣੀ ਸਕੂਟਰੀ 'ਤੇ ਵਾਪਸ ਆ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਗਲ 'ਚ ਪਾਇਆ ਪੈਸਿਆਂ ਵਾਲਾ ਬੈਗ ਖੋਹ ਲਿਆ। ਇਸ ਦੌਰਾਨ ਉਨ੍ਹਾਂ ਦੇ ਦੋ ਹੋਰ ਸਾਥੀ ਵੀ ਮੋਟਰਸਾਈਕਲ 'ਤੇ ਆ ਗਏ, ਜਿਨ੍ਹਾਂ ਮੈਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਜਦੋਂ ਮੈਂ ਰੌਲਾ ਪਾਇਆ ਤਾਂ ਲੁਟੇਰੇ ਉੱਥੋਂ ਭੱਜ ਗਏ, ਜਿਸ 'ਤੇ ਮੈਂ ਇਸ ਦੀ ਜਾਣਕਾਰੀ ਆਪਣੇ ਮਾਲਕ ਨੂੰ ਦਿੱਤੀ ਤੇ ਪੁਲਸ ਨੂੰ ਸੂਚਿਤ ਕੀਤਾ।
ਉਸ ਨੇ ਪੁਲਸ ਨੂੰ ਦੱਸਿਆ ਕਿ ਬੈਗ 'ਚ ਕਿੰਨੇ ਪੈਸੇ ਸਨ, ਇਸ ਦੀ ਉਸ ਨੂੰ ਜਾਣਕਾਰੀ ਨਹੀਂ। ਉਹ ਜਿੰਨੀਆਂ ਦੁਕਾਨਾਂ ਤੋਂ ਪੈਸੇ ਇਕੱਠੇ ਕਰ ਕੇ ਲੈ ਕੇ ਆਇਆ ਸੀ, ਉਨ੍ਹਾਂ ਦੀਆਂ ਰਸੀਦਾਂ ਚੈੱਕ ਕਰ ਕੇ ਦੱਸ ਸਕੇਗਾ ਕਿ ਬੈਗ ਵਿਚ ਕਿੰਨੇ ਪੈਸੇ ਸਨ।
