ਚੌਕੀਦਾਰ ਨੂੰ ਬੰਨ੍ਹ ਕੇ ਲੁਟੇਰੇ ਏਜੰਸੀ ''ਚੋਂ ਲੈ ਗਏ 2 ਟਰੈਕਟਰ, ਤੇਲ ਖਤਮ ਹੋਣ ''ਤੇ ਇਕ ਨੂੰ ਰਸਤੇ ’ਚ ਹੀ ਛੱਡਿਆ

Thursday, Dec 01, 2022 - 01:58 AM (IST)

ਫਿਲੌਰ (ਭਾਖੜੀ) : ਬੀਤੀ ਰਾਤ ਲੁਟੇਰੇ ਟਰੈਕਟਰ ਏਜੰਸੀ ਦੇ ਚੌਕੀਦਾਰ ਨੂੰ ਬੰਨ੍ਹ ਕੇ 2 ਨਵੇਂ ਟਰੈਕਟਰ ਚੋਰੀ ਕਰਕੇ ਲੈ ਗਏ। ਇਕ ਟਰੈਕਟਰ ਦਾ ਰਸਤੇ ’ਚ ਤੇਲ ਖਤਮ ਹੋ ਗਿਆ, ਜਿਸ ਨੂੰ ਲੁਟੇਰੇ ਉੱਥੇ ਹੀ ਛੱਡ ਕੇ ਭੱਜ ਗਏ। ਵਾਰਦਾਤ ਦੌਰਾਨ ਲੁਟੇਰੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਪੁੱਟ ਕੇ ਨਾਲ ਲੈ ਗਏ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਜ਼ੁਰਗ ਚੌਕੀਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਨੈਸ਼ਨਲ ਹਾਈਵੇ ’ਤੇ ਸਥਿਤ ਟਰੈਕਟਰਾਂ ਦੀ ਏਜੰਸੀ ਰਾਏ ਆਟੋ ਇੰਜੀਨੀਅਰ ’ਚ ਰਾਤ ਦੀ ਪਹਿਰੇਦਾਰੀ ਕਰਦਾ ਹੈ। ਬੀਤੀ ਰਾਤ 1 ਵਜੇ 4 ਲੁਟੇਰੇ ਏਜੰਸੀ ਦੇ ਅੰਦਰ ਅਚਾਨਕ ਆ ਧਮਕੇ।

ਇਹ ਵੀ ਪੜ੍ਹੋ : ਡਿਊਟੀ 'ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਟਰੱਕ 'ਚ ਜਾ ਵੱਜੀ ਕਾਰ, ਇਕ ਦੀ ਮੌਤ

ਅੰਦਰ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਉਸ ਨੂੰ ਫੜ ਕੇ ਰੱਸੀਆਂ ਨਾਲ ਬੰਨ੍ਹ ਕੇ ਇਕ ਕਮਰੇ 'ਚ ਬੰਦ ਕਰ ਦਿੱਤਾ। ਅੱਧੇ ਘੰਟੇ ਤੱਕ ਉਹ ਏਜੰਸੀ ਦੇ ਅੰਦਰ ਘੁੰਮਦੇ ਰਹੇ ਅਤੇ ਦਫ਼ਤਰ ਦੇ ਅੰਦਰ ਪਈਆਂ ਅਲਮਾਰੀਆਂ ਦੇ ਜਿੰਦੇ ਤੋੜ ਕੇ ਉਨ੍ਹਾਂ ’ਚੋਂ ਨਕਦੀ ਲੱਭਦੇ ਰਹੇ। ਜਦੋਂ ਉਨ੍ਹਾਂ ਨੂੰ ਕੁਝ ਨਾ ਲੱਭਾ ਤਾਂ ਜਾਂਦੇ ਹੋਏ ਉਹ ਏਜੰਸੀ ’ਚ ਖੜ੍ਹੇ 2 ਨਵੇਂ ਟਰੈਕਟਰ ਲੈ ਗਏ। ਮੌਕੇ ’ਤੇ ਮੌਜੂਦ ਕੰਪਨੀ ਦੇ ਮਾਲਕ ਕੰਵਰਜੀਤ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਜਿਉਂ ਹੀ ਉਹ ਸਵੇਰ ਸਮੇਂ ਆਪਣੀ ਏਜੰਸੀ ਪੁੱਜਾ ਤਾਂ ਦੋਵੇਂ ਮੁੱਖ ਗੇਟ ਦੇ ਜਿੰਦੇ ਹੇਠਾਂ ਟੁੱਟੇ ਪਏ ਸਨ, ਜਿਉਂ ਹੀ ਉਹ ਅੰਦਰ ਦਾਖਲ ਹੋਇਆ ਤਾਂ ਚੌਕੀਦਾਰ ਅੰਦਰ ਰੱਸੀਆਂ ਨਾਲ ਬੰਨ੍ਹਿਆ ਹੋਇਆ ਸੀ, ਜਿਸ ਨੂੰ ਖੋਲ੍ਹਿਆ ਤਾਂ ਉਸ ਨੇ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਪੁੱਤ ਬਣਿਆ ਕਪੁੱਤ, ਮਕਾਨ ਵੇਚ ਦਿਵਿਆਂਗ ਪਿਓ ਨੂੰ ਗਲੀਆਂ ’ਚ ਰੁਲਣ ਲਈ ਛੱਡਿਆ (ਵੀਡੀਓ)

ਲੁਟੇਰੇ ਜਿਸ ਪਾਸੇ ਵੱਲ ਭੱਜੇ ਸਨ, ਉਹ ਉੱਧਰ ਗਏ ਤਾਂ ਕੁਝ ਹੀ ਦੂਰ ਉਨ੍ਹਾਂ ਦਾ ਇਕ ਨਵਾਂ ਟਰੈਕਟਰ ਰਸਤੇ ’ਚ ਖੜ੍ਹਾ ਮਿਲ ਗਿਆ, ਜਿਸ ਦਾ ਤੇਲ ਖਤਮ ਹੋਣ ਕਾਰਨ ਲੁਟੇਰੇ ਉਸ ਨੂੰ ਉੱਥੇ ਹੀ ਛੱਡ ਗਏ। ਇਕ ਨਵਾਂ ਟਰੈਕਟਰ ਉਹ ਆਪਣੇ ਨਾਲ ਲੈ ਗਏ, ਜਿਸ ਦੀ ਕੀਮਤ 6 ਲੱਖ ਰੁਪਏ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News