ਦੇਰ ਰਾਤ ਪੁੱਤਰ ਨਾਲ ਘਰ ਜਾ ਰਹੇ ਵਿਅਕਤੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਮਾਰ ਕੇ ਲੁੱਟਿਆ ਕੈਸ਼

Monday, Mar 31, 2025 - 02:14 AM (IST)

ਦੇਰ ਰਾਤ ਪੁੱਤਰ ਨਾਲ ਘਰ ਜਾ ਰਹੇ ਵਿਅਕਤੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਮਾਰ ਕੇ ਲੁੱਟਿਆ ਕੈਸ਼

ਜਲੰਧਰ (ਵਰੁਣ) - ਐਤਵਾਰ ਦੇਰ ਰਾਤ ਥਾਣਾ ਡਿਵੀਜ਼ਨ ਨੰਬਰ ਇਕ ਤੋਂ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਕੈਨਰਾ ਬੈਂਕ ਦੇ ਨੇੜੇ ਬਾਈਕ ਸਵਾਰ ਲੁਟੇਰਿਆਂ ਨੇ ਘਰ ਪਰਤ ਰਹੇ ਇਕ ਵਿਅਕਤੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤੇ ਉਸ ਤੋਂ ਨਕਦੀ ਲੁੱਟ ਲਈ। ਲੁਟੇਰੇ ਮੌਕੇ ਤੋਂ ਭੱਜ ਗਏ ਜਦੋਂਕਿ ਉਸ ਦੇ ਛੋਟੇ ਬੱਚੇ ਨੇ ਆਪਣੇ ਪਿਤਾ ਨੂੰ ਖੂਨ ਨਾਲ ਲੱਥਪਥ ਦੇਖ ਕੇ ਕੁਝ ਰਾਹਗੀਰਾਂ ਨੂੰ ਰੋਕਿਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।

ਪੀੜਤ ਸੋਨੂੰ ਨੇ ਦੱਸਿਆ ਕਿ ਉਹ ਕੰਮ ਤੋਂ ਆਪਣੇ ਪੁੱਤਰ ਨਾਲ ਘਰ ਪਰਤ ਰਿਹਾ ਸੀ। ਜਿਵੇਂ ਹੀ ਉਹ ਥਾਣਾ ਨੰ. 1 ਤੋਂ ਕੁਝ ਦੂਰੀ ’ਤੇ ਪਹੁੰਚਿਆ ਤਾਂ ਬਾਈਕ ’ਤੇ ਆਏ 3 ਲੁਟੇਰਿਆਂ ਨੇ ਜਬਰਦਸਤੀ ਉਸ ਦਾ ਮੋਟਰਸਾਈਕਲ ਰੁਕਵਾ ਲਿਆ, ਇਨ੍ਹਾਂ ਵਿਚੋਂ 1 ਨੌਜਵਾਨ ਨੇ ਬਿਨਾ ਕੁਝ ਕਹੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਮਾਰਿਆ, ਜਿਸ ਤੋਂ ਬਾਅਦ ਉਹ ਬੇਸੁਧ ਹੋ ਕੇ ਡਿੱਗ ਪਿਆ। ਇਸ ਦੌਰਾਨ ਲੁਟੇਰੇ ਉਸ ਦੀ ਜੇਬ ਵਿਚੋਂ ਜਿੰਨੇ ਵੀ ਪੈਸੇ ਸਨ, ਲੈ ਕੇ ਫਰਾਰ ਹੋ ਗਏ।

ਬੱਚੇ ਨੇ ਰੋਂਦੇ ਹੋਏ ਰਾਹਗੀਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਸਮਾਂ ਹੋਣ ਕਾਰਨ ਡਰ ਦੇ ਮਾਰਿਆਂ ਕੋਈ ਵੀ ਰੁਕ ਨਹੀਂ ਰਿਹਾ ਸੀ ਪਰ ਮੀਡੀਆ ਨਾਲ ਜੁੜੇ ਲੋਕਾਂ ਨੇ ਰੁਕ ਕੇ ਉਸ ਨੂੰ ਦੇਖਿਆ ਤੇ ਤੁਰੰਤ ਥਾਣਾ ਨੰ. 1 ਦੇ ਇੰਚਾਰਜ ਰਾਜੇਸ਼ ਕੁਮਾਰ ਨੂੰ ਸੂਚਨਾ ਦਿੱਤੀ।

ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਬਾਪ-ਬੇਟੇ ਨੂੰ ਪਾਣੀ ਪਿਲਾਇਆ, ਜਿਸ ਤੋਂ ਬਾਅਦ ਸੋਨੂੰ ਨੂੰ ਇਲਾਜ ਲਈ ਐਂਬੂਲੈਂਸ ਬੁਲਾ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਜਿਥੇ ਵਾਰਦਾਤ ਹੋਈ ਉਹ ਇਲਾਕਾ ਥਾਣਾ ਨੰ. 8 ਦਾ ਇਲਾਕਾ ਨਿਕਲਿਆ, ਜਿਸ ਕਾਰਨ ਥਾਣਾ ਨੰ. 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਥਾਣਾ ਨੰ. 8 ਦੀ ਪੁਲਸ ਨੂੰ ਸੂਚਨਾ ਦੇ ਦਿੱਤੀ। ਮੌਕੇ ’ਤੇ ਪਹੁੰਚੀ ਥਾਣਾ ਨੰ. 8 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Inder Prajapati

Content Editor

Related News