ਦਰਜਨ ਦੇ ਕਰੀਬ ਲੁਟੇਰਿਆਂ ਨੇ ਗੋਦਾਮ ''ਚੋਂ ਲੱਖਾਂ ਦੀ ਕਣਕ ਲੁੱਟੀ

06/29/2018 7:15:59 AM

ਗੁਰਾਇਆ, (ਮੁਨੀਸ਼)— ਵੀਰਵਾਰ ਸਵੇਰੇ 4 ਵਜੇ ਦੇ ਕਰੀਬ ਨੈਸ਼ਨਲ ਹਾਈਵੇ 'ਤੇ ਇਕ ਪੈਲੇਸ ਕੋਲ ਬਣੇ ਪਨਗ੍ਰੇਨ ਏਜੰਸੀ ਦੇ ਕਣਕ ਦੇ ਗੋਦਾਮ ਵਿਚ ਦਰਜਨ ਦੇ ਕਰੀਬ ਲੁਟੇਰੇ ਦੋ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਕਣਕ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 5.30 ਵਜੇ ਫੋਨ ਆਇਆ ਕਿ ਉਨ੍ਹਾਂ ਦੇ ਗੋਦਾਮ ਵਿਚੋਂ ਇਕ ਟਰੱਕ ਨਿਕਲਿਆ ਹੈ, ਜਿਸਦੇ ਬਾਅਦ ਉਹ ਆਪਣੇ ਸਾਥੀ ਇੰਸਪੈਕਟਰ ਤੇ ਹੋਰ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚੇ। ਜਦੋਂ ਗੋਦਾਮ ਵਿਚ ਗਏ ਤਾਂ ਦੇਖਿਆ ਕਿ ਅੰਦਰ ਦੋਵੇਂ ਚੌਕੀਦਾਰ ਮਦਨ ਲਾਲ ਪੁੱਤਰ ਦੇਵਰਾਜ ਵਾਸੀ ਪਿੰਡ ਤੱਖਰਾਂ ਤੇ ਸੰਦੀਪ ਕੁਮਾਰ ਵਾਸੀ ਤੱਖਰਾਂ ਨੂੰ ਕੁੱਟਮਾਰ ਕਰ ਕੇ ਬੰਨ੍ਹਿਆ ਹੋਇਆ ਸੀ। 
ਚੌਕੀਦਾਰਾਂ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਗੋਦਾਮ ਦੀ ਕੰਧ ਟੱਪ ਕੇ 5 ਦੇ ਕਰੀਬ ਲੁਟੇਰੇ ਅੰਦਰ ਦਾਖਲ ਹੋਏ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ। ਜਿਸਦੇ ਬਾਅਦ ਉਨ੍ਹਾਂ ਨੇ ਗੇਟ ਖੋਲ ੍ਹਕੇ ਟਰੱਕ ਅਤੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਅੰਦਰ ਪਈਆਂ 87841 ਬੋਰੀਆਂ ਵਿਚੋਂ 514 ਬੋਰੀਆਂ ਕਣਕ ਲੈ ਕੇ ਫਰਾਰ ਹੋ ਗਏ। ਪੁਲਸ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ  ਮਦਦ ਨਾਲ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Related News