ਹਥਿਆਰਬੰਦ ਲੁਟੇਰਿਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ

Friday, Jan 22, 2021 - 05:34 PM (IST)

ਹਥਿਆਰਬੰਦ ਲੁਟੇਰਿਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ

ਪਟਿਆਲਾ (ਬਲਜਿੰਦਰ)- ਪਟਿਆਲਾ-ਭੁੰਨਰਹੇਡ਼ੀ ਸਡ਼ਕ ’ਤੇ ਸਥਿਤ ਪਿੰਡ ਕੂਲੇਮਾਜਰਾ ਵਿਖੇ ਮੇਨ ਰੋਡ ’ਤੇ ਪੈਂਦੇ ਸ਼ਰਾਬ ਦੇ ਠੇਕੇ ਨੂੰ ਹਥਿਆਰਬੰਦ ਲੁਟੇਰਿਆਂ ਨੇ ਬੀਤੀ ਰਾਤ ਲੁੱਟ ਲਿਆ। ਇਸ ਮੌਕੇ ਠੇਕਾ ਸੰਚਾਲਕ ਅਨਮੇਸ਼ ਗੋਇਲ ਨੇ ਦੱਸਿਆ ਕਿ ਬੀਤੀ ਰਾਤ 5 ਤੋਂ 6 ਹਥਿਆਰਬੰਦ ਲੁਟੇਰੇ ਠੇਕੇ ਦਾ ਸ਼ਟਰ ਤੋਡ਼ ਕੇ ਅੰਦਰ ਸੁੱਤੇ ਪਏ ਉਨ੍ਹਾਂ ਦੇ ਸੇਲਜ਼ਮੈਨ ਸਤੀਸ਼ ਕੁਮਾਰ ਨੂੰ ਬੰਦਕ ਬਣਾ ਕੇ ਤਕਰੀਬਨ 2 ਲੱਖ ਦੀ ਅੰਗਰੇਜ਼ੀ, ਦੇਸੀ ਸ਼ਰਾਬ ਅਤੇ 7 ਹਜ਼ਾਰ ਦੇ ਕਰੀਬ ਨਗਦੀ ਲੁੱਟ ਕੇ ਦੋ ਗੱਡੀਆਂ ਵਿਚ ਲੁੱਟ ਦਾ ਮਾਲ ਭਰ ਕੇ ਪਟਿਆਲਾ ਵੱਲ ਨੂੰ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਠੇਕੇ ’ਤੇ ਇਹ ਦੂਜੀ ਵਾਰਦਾਤ ਹੈ ਤੇ ਇਸ ਤੋਂ ਪਹਿਲਾਂ ਵੀ ਹਥਿਆਰਬੰਦ ਲੁਟੇਰਿਆਂ ਵਲੋਂ ਇਹ ਠੇਕਾ ਲੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਇਤਲਾਹ ਦਿੱਤੀ ਗਈ ਸੀ, ਜਿਸ ’ਤੇ ਮੌਕੇ ਦੀ ਥਾਂ ਦਾ ਜਾਇਜ਼ਾ ਲੈ ਕੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਠੇਕਾ ਸੰਚਾਲਕ ਨੇ ਜ਼ਿਲ੍ਹਾ ਪੁਲਸ ਮੁਖੀ ਅਤੇ ਥਾਣਾ ਮੁਖੀ ਨੂੰ ਬੇਨਤੀ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਨਿੱਤ ਹੋ ਰਹੀਆਂ ਲੁੱਟ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਅਤੇ ਠੇਕੇਦਾਰਾਂ ਦੀ ਜਾਨ ਅਤੇ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ।


ਫੋਟੋ ਨੰ: 22 ਪੀਏਟੀ:30
ਕੈਪਸ਼ਨ : ਠੇਕੇ ਦਾ ਟੁੱਟਿਆ ਸ਼ਟਰ ਅਤੇ ਬਿਖਰਿਆ ਮਾਲ। (ਸੁਖਵਿੰਦਰ)

 

 


author

Gurminder Singh

Content Editor

Related News