ਪਿਸਤੌਲ ਦੀ ਨੋਕ ''ਤੇ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅਧਿਆਪਕਾਂ ਨੂੰ ਲੁੱਟਿਆ

09/13/2019 10:46:53 AM

ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ) : ਦਿਨ-ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਵਲੋਂ ਸਕੂਲ ਡਿਊਟੀ ਤੋਂ ਵਾਪਸ ਆ ਰਹੇ ਤਿੰਨ ਅਧਿਆਪਕਾਂ ਨੂੰ ਪਿਸਤੌਲ ਦੀ ਨੋਕ 'ਤੇ ਲੁੱਟ ਕੇ ਲੈ ਜਾਣ ਦੀ ਅਤੇ ਇਕ ਨੂੰ ਜ਼ਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਰਮਾਨੰਦ ਪੁੱਤਰ ਰਾਮ ਪ੍ਰਤਾਪ ਵਾਸੀ ਚੁਨਿਆਲੀ, ਰਾਮ ਸਰੂਪ ਪੁੱਤਰ ਬਲਰਾਮ ਵੱਜੂਪੁਰ ਕੱਟਿਆਂ ਵਾਸੀ ਜ਼ਿਲਾ ਫਾਜ਼ਿਲਕਾ, ਸਤਬੀਰ ਸਿੰਘ ਵਾਸੀ ਮਾਨਸਾ ਜੋ ਕਿ ਖੇਮਕਰਨ ਰੋਡ ਭਿੱਖੀਵਿੰਡ ਵਿਖੇ ਕਿਰਾਏ ਦੇ ਮਕਾਨ 'ਚ ਰਹਿ ਰਹੇ ਹਨ ਅਤੇ ਸਰਕਾਰੀ ਹਾਈ ਸਕੂਲ ਡੱਲ ਥਾਣਾ ਖਾਲੜਾ ਵਿਖੇ ਅਧਿਆਪਕ ਹਨ। ਵੀਰਵਾਰ ਜਦੋਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਿੱਖੀਵਿੰਡ ਨੂੰ ਆ ਰਹੇ ਸਨ ਤਾਂ ਨੇੜੇ ਜੋਧਪੁਰੀਆਂ ਭੱਠੇ ਨਜ਼ਦੀਕ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਪਿਸਤੌਲ ਦੀ ਨੋਕ 'ਤੇ ਰੋਕ ਲਿਆ ਅਤੇ ਡਰਾ-ਧਮਕਾ ਕੇ ਉਨ੍ਹਾਂ ਤਿੰਨਾਂ ਤੋਂ ਮੋਬਾਇਲ ਅਤੇ ਤੀਹ ਹਜ਼ਾਰ ਰੁਪਏ ਨਕਦੀ ਖੋਹ ਕੇ ਫਰਾਰ ਹੋ ਗਏ, ਜਦਕਿ ਸਤਬੀਰ ਸਿੰਘ 'ਤੇ ਕਿਰਚ ਨਾਲ ਹਮਲਾ ਵੀ ਕੀਤਾ ਜੋ ਕਿ ਜ਼ਖਮੀ ਹੋ ਗਿਆ। ਅਧਿਆਪਕਾਂ ਦੇ ਦੱਸਣ ਮੁਤਾਬਕ ਉਨ੍ਹਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਕੋਲ ਪਿਸਤੌਲ, ਕਿਰਪਾਨ ਅਤੇ ਕਿਰਚ ਸੀ।

ਇਸ ਘਟਨਾ ਬਾਰੇ ਪਤਾ ਲੱਗਣ 'ਤੇ ਬਾਕੀ ਅਧਿਆਪਕਾਂ ਨੇ ਪੁਲਸ ਵਿਭਾਗ ਖਿਲਾਫ ਭਿੱਖੀਵਿੰਡ ਦੇ ਮੇਨ ਚੌਕ 'ਚ ਧਰਨਾ ਲਾ ਦਿੱਤਾ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਧਰਨਾਕਾਰੀਆਂ ਵਿਚ ਅਧਿਆਪਕ ਸਰਬਜੀਤ ਸਿੰਘ, ਰਾਜ ਕੁਮਾਰ, ਪਵਨ ਕੁਮਾਰ, ਇੰਦਰਪਾਲ ਸਿੰਘ, ਰਕੇਸ਼ ਕੁਮਾਰ, ਮਹਿੰਦਰ ਕੁਮਾਰ, ਪੰਕਜ ਕੁਮਾਰ, ਚਮਨ ਲਾਲ, ਮੁਨੀਸ਼ ਕੁਮਾਰ, ਇੰਦਰ ਕੁਮਾਰ, ਸੰਦੀਪ ਕੁਮਾਰ, ਅਸ਼ੋਕ ਕੁਮਾਰ ਸਮੇਤ ਅਧਿਆਪਕਾਵਾਂ ਵੀ ਸ਼ਾਮਲ ਸਨ। ਦੇਰ ਸ਼ਾਮ ਭਿੱਖੀਵਿੰਡ ਪੁਲਸ ਵਲੋਂ ਅਧਿਆਪਕਾਂ ਨੂੰ ਕਰਵਾਈ ਦਾ ਭਰੋਸਾ ਦਿੱਤਾ ਗਿਆ। ਇਸ ਸਬੰਧੀ ਥਾਣਾ ਮੁਖੀ ਭਿੱਖੀਵਿੰਡ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਸਖਤ ਕਰਵਾਈ ਕੀਤੀ ਜਾਵੇਗੀ।


Baljeet Kaur

Content Editor

Related News