ਜਲੰਧਰ ਨਿਗਮ ''ਚ ਟਕਰਾਅ ਖ਼ਤਮ: ਮੇਅਰ ਨਾਲ ਮੀਟਿੰਗ ਪਿੱਛੋਂ ਹੜਤਾਲ ਵਾਪਸ, ਸੋਮਵਾਰ ਤੋਂ ਕੰਮ ''ਤੇ ਪਰਤਣਗੇ ਮੁਲਾਜ਼ਮ
Saturday, Apr 25, 2026 - 05:45 AM (IST)
ਜਲੰਧਰ (ਖੁਰਾਣਾ) : ਨਗਰ ਨਿਗਮ ਵਿਚ ਪਿਛਲੇ ਦੋ ਦਿਨਾਂ ਤੋਂ ਜਾਰੀ ਟਕਰਾਅ ਦੇ ਵਿਚਕਾਰ ਆਖਿਰਕਾਰ ਸ਼ੁੱਕਰਵਾਰ ਨੂੰ ਹੜਤਾਲ ਖਤਮ ਹੋ ਗਈ। ਮੇਅਰ ਵਨੀਤ ਧੀਰ ਦੇ ਦਫ਼ਤਰ ਵਿਚ ਹੋਈ ਅਹਿਮ ਮੀਟਿੰਗ ਤੋਂ ਬਾਅਦ ਯੂਨੀਅਨ ਆਗੂਆਂ ਅਤੇ ਨਿਗਮ ਪ੍ਰਸ਼ਾਸਨ ਵਿਚਕਾਰ ਸਹਿਮਤੀ ਬਣ ਗਈ, ਜਿਸ ਨਾਲ ਡੈੱਡਲਾਕ ਖ਼ਤਮ ਹੋ ਗਿਆ। ਜਾਣਕਾਰੀ ਅਨੁਸਾਰ ਯੂਨੀਅਨ ਦੇ ਬੰਟੂ ਸੱਭਰਵਾਲ ਧੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਮ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕੀਤਾ ਹੋਇਆ ਸੀ। ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਯੂਨੀਅਨ ਦੇ ਨੁਮਾਇੰਦੇ ਮੇਅਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵੀ ਮੀਟਿੰਗ ਵਿਚ ਮੌਜੂਦ ਰਹੇ।
ਮੀਟਿੰਗ ਦੌਰਾਨ ਯੂਨੀਅਨ ਨੇ ਚੌਥੇ ਦਰਜੇ ਦੇ 1196 ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਵਿਚ ਰੋਸਟਰ ਸਿਸਟਮ ਨੂੰ ਖ਼ਤਮ ਕਰਨ ਦੀ ਮੰਗ ਉਠਾਈ। ਇਸ ’ਤੇ ਨਿਗਮ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਇਸ ਮੁੱਦੇ ਨੂੰ ਹਾਊਸ ਵਿਚ ਮਤੇ ਦੇ ਰੂਪ ਵਿਚ ਪਾਸ ਕਰ ਕੇ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਅੰਤਿਮ ਫੈਸਲਾ ਸਰਕਾਰ ਦੇ ਪੱਧਰ ’ਤੇ ਲਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਲਟਕਦੀਆਂ ਮੰਗਾਂ ’ਤੇ ਵੀ ਹਾਂ-ਪੱਖੀ ਰੁਖ਼ ਅਪਣਾਉਣ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਤੋਂ ਬਾਅਦ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਖੁਦ ਧਰਨਾ ਸਥਾਨ ’ਤੇ ਪਹੁੰਚ ਕੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਬਾਅਦ ਯੂਨੀਅਨ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਕੋਈ ਵੀ ਸਿਆਸੀ ਆਗੂ ਹੜਤਾਲ ਖ਼ਤਮ ਕਰਵਾਉਣ ਲਈ ਅੱਗੇ ਨਹੀਂ ਆਇਆ।
ਇਹ ਵੀ ਪੜ੍ਹੋ : ਲੁਧਿਆਣਾ ਦੇ ਮੰਦਰ 'ਚ ਬੇਅਦਬੀ! ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਵਾਰਦਾਤ
ਯੂਨੀਅਨ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਤੋਂ ਸਾਰੇ ਕਰਮਚਾਰੀ ਨਿਯਮਿਤ ਤੌਰ ’ਤੇ ਕੰਮ ’ਤੇ ਪਰਤਣਗੇ। ਹਾਲਾਂਕਿ ਹੜਤਾਲ ਦੌਰਾਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਰਿਹਾ, ਜਦਕਿ ਦੂਜੀ ਯੂਨੀਅਨ ਵੱਲੋਂ ਕੁਝ ਥਾਵਾਂ ’ਤੇ ਸਫਾਈ ਕਰਵਾਈ ਜਾ ਰਹੀ ਸੀ। ਕਾਬਿਲੇਗੌਰ ਹੈ ਕਿ ਦੋ ਦਿਨ ਪਹਿਲਾਂ ਸ਼ੁਰੂ ਹੋਏ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਹੋਈ ਸੀ, ਜਿਸ ਕਾਰਨ ਮੇਅਰ ਅਤੇ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ ਨਾਰਾਜ਼ ਹੋ ਗਈ ਸੀ। ਇਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਣਕਾਰੀ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ, ਜਿੱਥੋਂ ਸਖ਼ਤ ਪ੍ਰਤੀਕਿਰਿਆ ਸਾਹਮਣੇ ਆਈ ਸੀ। ਇਸ ਕਾਰਨ ਪ੍ਰਸ਼ਾਸਨ ਅਤੇ ਯੂਨੀਅਨ ਵਿਚਕਾਰ ਤਣਾਅ ਹੋਰ ਵਧ ਗਿਆ ਸੀ ਪਰ ਅੰਤ ਵਿਚ ਗੱਲਬਾਤ ਰਾਹੀਂ ਹੱਲ ਨਿਕਲ ਆਇਆ।
ਤਬਾਦਲੇ ਵਾਪਸ ਨਹੀਂ ਹੋਣਗੇ, ਸਗੋਂ ਹੋਰ ਬ੍ਰਾਂਚਾਂ 'ਚ ਵੀ ਕੀਤੇ ਜਾਣਗੇ
ਹੜਤਾਲ ਦੇ ਵਿਚਕਾਰ ਨਿਗਮ ਪ੍ਰਸ਼ਾਸਨ ਨੇ ਕਈ ਵਿਭਾਗਾਂ ਵਿਚ ਸਖ਼ਤ ਫੈਸਲੇ ਵੀ ਲਏ ਸਨ। ਤਹਿਬਾਜ਼ਾਰੀ ਬ੍ਰਾਂਚ ਦਾ ਪੂਰਾ ਸਟਾਫ ਬਦਲ ਦਿੱਤਾ ਗਿਆ, ਜਦਕਿ ਵਰਕਸ਼ਾਪ ਦੇ ਕਰਮਚਾਰੀਆਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਸੋਮਵਾਰ ਨੂੰ ਤਹਿਬਾਜ਼ਾਰੀ ਬ੍ਰਾਂਚ ਵਿਚ ਨਵੀਂ ਤਾਇਨਾਤੀ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਤੋਂ ਸੁਧਾਰਾਂ ਦੇ ਸੰਕੇਤ ਮਿਲਣ ਤੋਂ ਬਾਅਦ ਮੇਅਰ ਵਨੀਤ ਧੀਰ ਹੋਰ ਵਿਭਾਗਾਂ ਵਿਚ ਵੀ ਸਖ਼ਤੀ ਵਧਾਉਣ ਦੇ ਮੂਡ ਵਿਚ ਹਨ। ਜਿਹੜੇ ਵਿਭਾਗਾਂ ਦੀ ਆਮਦਨ ਵਿਚ ਵਾਧਾ ਨਹੀਂ ਹੋ ਰਿਹਾ ਜਾਂ ਜਿਨ੍ਹਾਂ ’ਤੇ ਲਗਾਤਾਰ ਦੋਸ਼ ਲੱਗ ਰਹੇ ਹਨ, ਉੱਥੇ ਵੀ ਜਲਦ ਫੇਰਬਦਲ ਹੋ ਸਕਦਾ ਹੈ। ਮੇਅਰ ਨੇ ਸਾਫ਼ ਕਰ ਦਿੱਤਾ ਹੈ ਕਿ ਮਾਲੀਆ ਵਧਾਉਣ ਵਿਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋੜ ਪੈਣ ’ਤੇ ਹੋਰ ਤਬਾਦਲੇ ਕੀਤੇ ਜਾਣਗੇ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੋ ਤਬਾਦਲੇ ਕੀਤੇ ਜਾ ਚੁੱਕੇ ਹਨ, ਉਨ੍ਹਾਂ ਨੂੰ ਵਾਪਸ ਲੈਣ ਦਾ ਕੋਈ ਵਿਚਾਰ ਨਹੀਂ ਹੈ।
ਇਹ ਵੀ ਪੜ੍ਹੋ : ਕੇਦਾਰਨਾਥ ਧਾਮ 'ਚ ਸ਼ਰਧਾਲੂਆਂ ਦਾ ਹੜ੍ਹ, ਪਹਿਲੇ 3 ਦਿਨਾਂ 'ਚ 90 ਹਜ਼ਾਰ ਤੋਂ ਵੱਧ ਨੇ ਕੀਤੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
