ਰੋਡਵੇਜ਼ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ

Tuesday, Aug 22, 2017 - 05:45 AM (IST)

ਰੋਡਵੇਜ਼ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ

ਲੁਧਿਆਣਾ,(ਸਲੂਜਾ)- ਮੰਗਾਂ ਨੂੰ ਅਣਗੋਲੇ ਜਾਣ ਦੇ ਰੋਸ ਵਜੋਂ ਅੱਜ ਲੁਧਿਆਣਾ ਡਿਪੂ ਵਿਖੇ ਰੋਡਵੇਜ਼ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ ਕਰ ਕੇ ਆਵਾਜ਼ ਬੁਲੰਦ ਕੀਤੀ ਗਈ।
ਏਟਕ ਦੇ ਸੂਬਾਈ ਸਕੱਤਰ ਮਨਜੀਤ ਸਿੰਘ ਗਿੱਲ ਤੇ ਡਿਪੂ ਦੇ ਜਨਰਲ ਸਕੱਤਰ ਹਰਬੰਸ ਸਿੰਘ ਪੰਧੇਰ ਨੇ ਦੱਸਿਆ ਕਿ ਕਿਲੋਮੀਟਰ ਸਕੀਮ ਦੀਆਂ ਬੱਸਾਂ ਜਿੱਥੇ ਮਹਿਕਮੇ ਨੂੰ ਘਾਟਾ ਪਾ ਰਹੀਆਂ ਹਨ, ਉੱਥੇ ਵਰਕਸ਼ਾਪ ਤੇ ਡਰਾਈਵਰਾਂ ਦੀਆਂ ਪੋਸਟਾਂ ਖਤਮ ਵੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਨਵੀਂ ਟਰਾਂਸਪੋਰਟ ਪਾਲਿਸੀ 'ਚ ਵੀ ਸਰਕਾਰ ਟਰਾਂਸਪੋਰਟ ਨੂੰ ਹੋਰ ਘਾਟੇ ਵੱਲ ਤੋਰੀ ਜਾ ਰਹੀ ਹੈ। ਰੋਡਵੇਜ਼ ਦਾ ਸਮੁੱਚਾ ਕਾਮਾ ਇਸ ਦਾ ਵਿਰੋਧ ਕਰ ਰਿਹਾ ਹੈ। ਸਰਕਾਰੀ ਬੱਸਾਂ ਦੇ ਟਾਈਮ ਟੇਬਲਾਂ 'ਚ ਅੱਜ ਵੀ ਸਿਆਸੀ ਦਖਲਅੰਦਾਜ਼ੀ ਹੋ ਰਹੀ ਹੈ।  ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਨਾ ਤਾਂ ਰੈਗੂਲਰ ਕੀਤਾ ਜਾ ਰਿਹਾ ਹੈ ਤੇ ਨਾ ਹੀ ਬਰਾਬਰ ਕੰਮ ਬਰਾਬਰ ਤਨਖਾਹ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੱਕੇ ਮੁਲਾਜ਼ਮਾਂ ਨੂੰ ਡੀ. ਏ. ਦੀਆਂ ਕਿਸ਼ਤਾਂ ਦਾ ਪਿੱਛਲਾ ਪਿਆ ਬਕਾਇਆ ਦਿੱਤਾ ਜਾਵੇ ਤੇ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ। ਉਕਤ ਮੁੱਦਿਆਂ ਨੂੰ ਲੈ ਕੇ 23 ਅਗਸਤ ਨੂੰ ਜਲੰਧਰ ਵਿਖੇ ਵੱਡੇ ਪੱਧਰ 'ਤੇ ਰੋਸ ਰੈਲੀ ਕੀਤੀ ਜਾਵੇਗੀ ਤੇ ਮੰਗਾਂ ਨਾ ਮੰਨਣ ਦੀ ਸੂਰਤ 'ਚ ਕਿਸੇ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਰੋਸ ਰੈਲੀ ਨੂੰ ਇੰਪਲਾਈਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਮੱਖਣ ਸਿੰਘ, ਡਿਪੂ ਪ੍ਰਧਾਨ ਸਤਵਿੰਦਰ ਸਿੰਘ, ਡਰਾਈਵਰ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ, ਕ੍ਰਿਪਾਲ ਸਿੰਘ ਗਿੱਲ, ਵਰਕਸ਼ਾਪ ਦੇ ਆਗੂ ਕੁਲਦੀਪ ਸਿੰਘ, ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਆਗੂ ਅਮਰਜੀਤ ਸਿੰਘ, ਸਤਨਾਮ ਸਿੰਘ, ਇੰਟਕ ਦੇ ਆਗੂ ਗੁਰਮੇਲ ਸਿੰਘ ਤੇ ਐੱਸ. ਸੀ. ਯੂਨੀਅਨ ਦੇ ਆਗੂ ਬੂਟਾ ਸਿੰਘ ਨੇ ਵੀ ਸੰਬੋਧਨ ਕੀਤਾ।


Related News