ਸੜਕਾਂ ''ਤੇ ਪਾਣੀ ਵਾਂਗ ਵਿਕਦੀ ਹੈ ਬੀਅਰ!

Wednesday, Jul 04, 2018 - 06:22 AM (IST)

ਸੜਕਾਂ ''ਤੇ ਪਾਣੀ ਵਾਂਗ ਵਿਕਦੀ ਹੈ ਬੀਅਰ!

ਕੁਰਾਲੀ,  (ਬਠਲਾ)-  ਸੜਕੀ ਸੁਰੱਖਿਆ ਐਕਟੀਵਿਸਟ ਹਰਮਨ ਸਿੱਧੂ, ਜਿਸ ਦੀ ਜਨਹਿੱਤ ਪਟੀਸ਼ਨ ਨੇ ਹਾਈਵੇ 'ਤੇ ਸ਼ਰਾਬ 'ਤੇ ਪਾਬੰਦੀ ਦੀ ਅਗਵਾਈ ਕੀਤੀ ਹੈ, ਦੇ ਅਨੁਸਾਰ ਸੁਪਰੀਮ ਕੋਰਟ ਨੇ ਸਮੁੱਚੇ ਦੇਸ਼ ਭਰ 'ਚ ਨੈਸ਼ਨਲ ਹਾਈਵੇ ਤੋਂ 500 ਮੀਟਰ ਦੇ ਦਾਇਰੇ ਅੰਦਰ ਸ਼ਰਾਬ ਵੇਚਣ 'ਤੇ ਪਾਬੰਦੀ ਲਾਈ ਹੋਈ ਹੈ। ਪਾਬੰਦੀ ਦੀ ਉਲੰਘਣਾ ਕਰਦਿਆਂ ਸ਼ਰਾਬ ਵੇਚਣ ਵਾਲਿਆਂ ਨੇ ਇਕ ਨਵਾਂ ਢੰਗ ਇਜਾਦ ਕਰ ਲਿਆ ਹੈ, ਜਿਸ ਦੇ ਤਹਿਤ ਉਨ੍ਹਾਂ ਵਲੋਂ ਸੜਕ ਕੰਢੇ ਇਕ ਟਰੈਕਟਰ-ਟਰਾਲੀ ਨੁਮਾ ਖੋਖਾ ਖੜ੍ਹਾ ਕਰ ਦਿੱਤਾ ਜਾਂਦਾ ਹੈ ਤੇ ਦਿੱਲੀ ਤੋਂ ਪੰਜਾਬ ਹਾਈਵੇ 'ਤੇ ਟ੍ਰੈਫਿਕ ਲਾਈਟਾਂ 'ਤੇ ਬੀਅਰ ਦੀਆਂ ਕੇਨਾਂ ਨੂੰ ਪਾਣੀ ਵਾਂਗ ਵੇਚਿਆ ਜਾ ਰਿਹਾ ਹੈ।
ਐਕਟੀਵਿਸਟ ਹਰਮਨ ਸਿੱਧੂ ਨੇ ਦੱਸਿਆ ਕਿ ਉਹ ਦਿੱਲੀ ਤੋਂ ਚੰਡੀਗੜ੍ਹ ਤਕ ਦਾ ਸਫ਼ਰ ਕਰ ਰਹੇ ਸਨ ਤੇ ਉਨ੍ਹਾਂ ਨੂੰ ਸੋਨੀਪਤ ਨਜ਼ਦੀਕ ਟ੍ਰੈਫਿਕ ਲਾਈਟਾਂ 'ਤੇ ਇਕ ਮੁੰਡਾ ਬੀਅਰ ਵੇਚਦਾ ਨਜ਼ਰ ਆਇਆ। ਉਨ੍ਹਾਂ ਖੁਦ 2 ਬੋਤਲਾਂ ਬੀਅਰ ਦੀਆਂ ਖਰੀਦੀਆਂ ਵੀ ਤੇ ਅੱਗੇ ਚੱਲ ਕੇ ਉਨ੍ਹਾਂ ਗੱਡੀ ਸਾਈਡ 'ਤੇ ਰੋਕ ਕੇ ਉਸ ਵਿਅਕਤੀ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਉਹ ਵ੍ਹਿਸਕੀ ਦੀ ਬੋਤਲ ਵੀ ਉਪਲਬਧ ਕਰਵਾ ਸਕਦੇ ਹਨ। ਸਿੱਧੂ ਨੇ ਟ੍ਰੈਫਿਕ ਲਾਈਟਾਂ 'ਤੇ ਠੰਡੀ ਬੀਅਰ ਦੀਆਂ ਦੋ ਬੋਤਲਾਂ 360 ਰੁਪਏ ਵਿਚ ਖਰੀਦੀਆਂ।
ਉਨ੍ਹਾਂ ਕਿਹਾ ਕਿ ਜਦੋਂ ਸੋਨੀਪਤ ਦੇ ਡਿਪਟੀ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਨੂੰ ਸੰਪਰਕ ਕਰਕੇ ਇਸ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਤਾਂ ਉਹ ਨਿੱਜੀ ਤੌਰ 'ਤੇ ਇਸ ਪੂਰੇ ਮਾਮਲੇ ਦੀ ਪੜਤਾਲ ਕਰਨਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਅੰਬਾਲਾ ਦੇ ਪੈਟਰੋਲ ਪੰਪ ਨੇੜੇ ਇਕ ਟਰੈਕਟਰ-ਟਰਾਲੀ ਨੁਮਾ ਸ਼ਰਾਬ ਦਾ ਚਲਦਾ-ਫਿਰਦਾ ਠੇਕਾ ਵੀ ਦੇਖਿਆ ਗਿਆ, ਜਿਸ ਦੀਆਂ ਉਨ੍ਹਾਂ ਨੇ ਤਸਵੀਰਾਂ ਵੀ ਲਈਆਂ।


Related News