ਸੜਕ ਸੁਰੱਖਿਆ ਅਤੇ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖਤ ਸਬੰਧੀ ਵਿਸਥਾਰਤ ਰਿਪੋਰਟ ਜਾਰੀ
Tuesday, Nov 05, 2019 - 10:25 AM (IST)

ਚੰਡੀਗੜ੍ਹ (ਸ਼ਰਮਾ)—ਸੜਕ ਸੁਰੱਖਿਆ ਅਧਿਐਨ ਅਤੇ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖਤ ਸਬੰਧੀ ਜ਼ਿਲਾ ਐੱਸ.ਏ.ਐੱਸ. ਨਗਰ, ਰੂਪਨਗਰ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਲਈ ਇਕ ਵਿਸਥਾਰਤ ਰਿਪੋਰਟ ਜਾਰੀ ਕੀਤੀ ਗਈ। ਇਹ ਰਿਪੋਰਟ ਸਤੀਸ਼ ਚੰਦਰ, ਆਈ.ਏ.ਐੱਸ. ਵਧੀਕ ਸਕੱਤਰ (ਗ੍ਰਹਿ ਮਾਮਲੇ) ਪੰਜਾਬ ਸਰਕਾਰ ਅਤੇ ਤੰਦਰੁਸਤ ਪੰਜਾਬ ਮਿਸ਼ਨ ਕਾਹਨ ਸਿੰਘ ਪੰਨੂੰ ਵਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤੀ ਗਈ। ਇਹ ਰਿਪੋਰਟ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸ਼ੁਰੂ ਕੀਤੇ ਉਪਰਾਲੇ 'ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ ਪ੍ਰੋਜੈਕਟ' ਹੇਠ ਤਿਆਰ ਕੀਤੀ ਗਈ। ਇਹ ਰਿਪੋਰਟ ਉਕਤ ਤਿੰਨਾਂ ਜ਼ਿਲਿਆਂ 'ਚ ਬਲੈਕ ਸਪਾਟਾਂ (ਹਾਦਸਿਆਂ ਵਾਲੀਆਂ ਥਾਵਾਂ) ਦੀ ਸ਼ਨਾਖ਼ਤ ਕਰਨ ਅਤੇ ਇਨ੍ਹਾਂ ਜ਼ਿਲਿਆਂ ਨੂੰ ਦਰਪੇਸ਼ ਮੁਸ਼ਕਲਾਂ ਦੀ ਵਿਸਥਾਰਤ ਜਾਣਕਾਰੀ ਦੇਣ ਲਈ ਤਿਆਰ ਕੀਤੀ ਗਈ ਹੈ। ਪੰਨੂ ਨੇ ਦੱਸਿਆ ਕਿ ਇਸ ਰਿਪੋਰਟ 'ਚ ਪਿਛਲੇ ਤਿੰਨ ਸਾਲਾਂ 2016 ਤੋਂ 2018 ਤੱਕ ਦੀ ਜਾਣਕਾਰੀ ਸ਼ਾਮਲ ਹੈ। ਇਸ ਕਾਰਜ ਦਾ ਮੁੱਖ ਉਦੇਸ਼ ਇਨ੍ਹਾਂ ਤਿੰਨ ਜ਼ਿਲਿਆਂ 'ਚ ਸੜਕ ਦੁਰਘਟਨਾਵਾਂ ਨੂੰ ਘਟਾਉਣਾ ਅਤੇ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਨ੍ਹਾਂ ਤਿੰਨ ਜ਼ਿਲਿਆਂ 'ਚ ਕੁੱਲ 165 ਬਲੈਕ ਸਪਾਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਨ੍ਹਾਂ ਤਿੰਨ ਜ਼ਿਲਿਆਂ 'ਚ ਹੋਏ ਸੜਕ ਹਾਦਸਿਆਂ 'ਚ ਕੁਲ 2021 ਮੌਤਾਂ ਹੋਈਆਂ ਅਤੇ 1961 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋਏ।
ਇਸ ਰਿਪੋਰਟ ਨੂੰ ਤਿਆਰ ਕਰਨ ਦਾ ਕੰਮ ਨਵਦੀਪ ਅਸੀਜਾ, ਟ੍ਰੈਫਿਕ ਸਲਾਹਕਾਰ ਪੰਜਾਬ ਅਤੇ ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ ਪ੍ਰੋਜੈਕਟ ਦੇ ਡਾਇਰੈਕਟਰ ਸ਼੍ਰੀ ਅਰਬਾਬ ਅਹਿਮਦ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਕਾਰਜ 'ਚ ਸੜਕ ਸੁਰੱਖਿਆ ਇੰਜੀਨੀਅਰ (ਐੱਸ. ਏ. ਐੱਸ. ਨਗਰ) ਚਰਨਜੀਤ ਸਿੰਘ, ਸੜਕ ਸੁਰੱਖਿਆ ਇੰਜੀਨੀਅਰ (ਸ੍ਰੀ ਫਤਿਹਗੜ੍ਹ ਸਾਹਿਬ) ਮਨਪ੍ਰੀਤ ਸਿੰਘ ਅਤੇ ਸੜਕ ਸੁਰੱਖਿਆ ਇੰਜੀਨੀਅਰ (ਰੂਪਨਗਰ) ਵੈਭਵ ਸ਼ਰਮਾ ਵੀ ਸ਼ਾਮਲ ਸਨ।