ਸੜਕ ''ਚ ਡੂੰਘੇ ਟੋਏ ਲੋਕਾਂ ਲਈ ਬਣੇ ਜਾਨ ਦਾ ਖੌਅ
Sunday, Sep 03, 2017 - 12:25 PM (IST)
ਸੁਲਤਾਨਪੁਰ ਲੋਧੀ(ਸੋਢੀ)— ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਤਲਵੰਡੀ ਚੌਧਰੀਆਂ ਮੁਖ ਰੋਡ 'ਚ ਪੁਡਾ ਕਾਲੌਨੀ ਦੇ ਸਾਹਮਣੇ ਤੇ ਅਮਨਪ੍ਰੀਤ ਹਸਪਤਾਲ ਦੇ ਨੇੜੇ 2-3 ਮਹੀਨਿਆਂ ਤੋਂ ਪਏ ਹੋਏ ਡੂੰਘੇ ਟੋਏ ਇਥੋਂ ਲੰਘਣ ਵਾਲਿਆਂ ਦੀ ਜਾਨ ਦਾ ਖੌਅ ਬਣੇ ਹੋਏ ਹਨ ਤੇ ਨਿੱਤ ਇਥੇ ਖੱਡੇ 'ਚ ਵੱਜਣ ਨਾਲ ਹਾਦਸੇ ਵਾਪਰ ਰਹੇ ਹਨ ਪਰ ਸਥਾਨਕ ਪ੍ਰਸ਼ਾਸਨ ਤੇ ਪੀ. ਡਵਲਿਯੂ. ਡੀ. ਵਿਭਾਗ ਬੇਖਬਰ ਹੋ ਕੇ ਆਰਾਮ ਫਰਮਾ ਰਹੇ ਹਨ। ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਆਮ ਲੋਕਾਂ ਨੂੰ ਟੋਏ 'ਚ ਭਰੇ ਪਾਣੀ ਕਾਰਨ ਇਹ ਡੂੰਘਾ ਖੱਡਾ ਨਜ਼ਰ ਨਹੀਂ ਪੈਂਦਾ।
ਜਿਸ ਕਾਰਨ ਕਈ ਮੋਟਰਸਾਈਕਲ ਅਤੇ ਸਕੂਟਰੀ ਸਵਾਰ ਇਥੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸੜਕ 'ਚ ਪਏ ਖੱਡੇ 'ਚ ਕਈ ਵਾਰ ਲੋਕ ਇੱਟਾ-ਰੋੜੇ ਵੀ ਸੁੱਟ ਦਿੰਦੇ ਹਨ ਪਰ ਉਨ੍ਹਾਂ ਨਾਲ ਵੀ ਹੋਰ ਨੁਕਸਾਨ ਹੋ ਰਿਹਾ ਹੈ। ਗੁਰੂ ਦੀ ਨਗਰੀ ਦੀ ਇਹ ਤਲਵੰਡੀ ਰੋਡ ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਤਰਨਤਾਰਨ ਸਾਹਿਬ ਨੂੰ ਵੀ ਮਿਲਾਉਂਦੀ ਹੈ ਅਤੇ ਇਸ ਸੜਕ ਦਾ ਨਾਮ ਬਾਬਾ ਸ੍ਰੀ ਚੰਦ ਮਾਰਗ ਰੱਖਿਆ ਹੋਇਆ ਹੈ।
4 ਸਤੰਬਰ ਨੂੰ ਇਸੇ ਸੜਕ ਰਾਹੀਂ ਸ਼ਾਮ ਨੂੰ ਪੈਦਲ ਸ਼ਬਦ ਚੌਂਕੀ ਨਗਰ ਕੀਰਤਨ ਸ੍ਰੀ ਗੋਇੰਦਵਾਲ ਸਾਹਿਬ ਲਈ ਜਾਣਾ ਹੈ ਪਰ ਇਥੋਂ ਸੜਕ 'ਚ ਭਰੇ ਬਰਸਾਤੀ ਪਾਣੀ ਕਾਰਨ ਆਲੇ-ਦੁਆਲੇ ਦੀ ਹਾਲਤ ਵੀ ਏਨੀ ਖਸਤਾ ਹੋ ਚੁੱਕੀ ਹੈ ਕਿ ਕਿਤਿਓਂ ਵੀ ਪੈਦਲ ਲੰਘਣਾ ਬਹੁਤ ਮੁਸ਼ਕਿਲ ਹੈ। ਸਮਾਜ ਸੇਵਕ ਆਗੂ ਰਣਜੀਤ ਸਿੰਘ ਰਤਨਪਾਲ, ਸੁਖਦੇਵ ਸਿੰਘ ਜੋਸਨ, ਸੁਖਵਿੰਦਰ ਸਿੰਘ ਡੌਲਾ, ਨਿਰੰਕਾਰ ਸਿੰਘ ਮਾਹਨਾਂ, ਸੁਖਦੇਵ ਸਿੰਘ ਖਾਲਸਾ, ਅਮਰਜੀਤ ਸਿੰਘ ਲਾਡੀ ਖਿੰਡਾ, ਬਖਸ਼ੀਸ਼ ਸਿੰਘ ਰਿਟਾ. ਲੇਖਾਕਾਰ ਆਦਿ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਮੰਗ ਕੀਤੀ ਹੈ ਕਿ ਮੁੱਖ ਸੜਕ 'ਚ ਪਿਆ ਟੋਇਆ ਪੂਰ ਕੇ ਸੜਕ ਦੀ ਹਾਲਤ ਦਾ ਸੁਧਾਰ ਕੀਤਾ ਜਾਵੇ ਤਾਂ ਜੋ ਹਾਦਸੇ ਰੁਕ ਸਕਣ।
