ਚਾਂਦ ਨਗਰ-ਸ਼ਮਸ਼ਾਨਘਾਟ ਰੋਡ ਦੀ ਖਸਤਾ ਹਾਲਤ ਨੇ ਕਰਵਾਈ ਹਾਏ ਤੋਬਾ
Friday, Jul 20, 2018 - 02:27 AM (IST)

ਹੁਸ਼ਿਆਰਪੁਰ, (ਘੁੰਮਣ)- ਨਗਰ ਨਿਗਮ ਦੇ ਵਾਰਡ ਨੰ. 2 ਦੇ ਮੁਹੱਲਾ ਚਾਂਦ ਨਗਰ ਚੌਕ ਤੋਂ ਬਹਾਦਰਪੁਰ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸਡ਼ਕ ਦੀ ਹਾਲਤ ਬੇਹੱਦ ਖਸਤਾ ਹੋਣ ਦੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਡ਼ਕ ’ਚ ਥਾਂ-ਥਾਂ ’ਤੇ ਡੰੂਘੇ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਬਰਸਾਤ ਦੇ ਦਿਨਾਂ ’ਚ ਇਸ ਸਡ਼ਕ ਦੀ ਹਾਲਤ ਹੋਰ ਵੀ ਤਰਸਯੋਗ ਹੋ ਰਹੀ ਹੈ। ਸਡ਼ਕ ’ਚ ਪਏ ਟੋਇਆਂ ਦਾ ਗੰਦਾ ਪਾਣੀ ਵਾਹਨਾਂ ਦੇ ਲੰਘਣ ਨਾਲ ਪੈਦਲ ਜਾਣ ਵਾਲੇ ਰਾਹਗੀਰਾਂ ਦਾ ਕੱਪਡ਼ੇ ਲਬੇਡ਼ ਦਿੰਦਾ ਹੈ।
ਇਸ ਗੰਭੀਰ ਸਮੱਸਿਆ ਬਾਰੇ ਚਾਂਦ ਨਗਰ ਵਾਸੀਆਂ ਸਤਪਾਲ ਸੋਨੀ, ਰਾਮ, ਰਿਸ਼ੂ ਢਿੱਲੋਂ, ਰਾਮੂ, ਰਜਤ ਸਿੰਘ, ਵਰੁਣ ਕੁਮਾਰ, ਤਰੁਣਾ, ਸੁਦੇਸ਼ ਕੁਮਾਰ, ਨਿਰਮਲਾ ਰਾਣੀ, ਊਸ਼ਾ ਰਾਣੀ, ਭਜਨ ਕੌਰ, ਚਰਨਜੀਤ ਕੌਰ, ਕਾਂਤਾ ਰਾਣੀ, ਰਜਿੰਦਰ ਕੌਰ, ਨਰੇਸ਼ ਰਾਣੀ ਆਦਿ ਨੇ ਰੋਸ ਮੁਜ਼ਾਹਰਾ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ। ਲੋਕਾਂ ਨੇ ਕਿਹਾ ਕਿ ਨਗਰ ਨਿਗਮ ਦੇ ਕੋਲ ਵਾਰ-ਵਾਰ ਫਰਿਆਦ ਕੀਤੇ ਜਾਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਸ੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਵੱਲੋਂ ਚਲਾਈ ਜਾ ਰਹੀ ਡਿਸਪੈਂਸਰੀ ਵੀ ਇਸ ਸਡ਼ਕ ’ਤੇ ਹੋਣ ਕਾਰਨ ਦਵਾਈ ਲੈਣ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਤੋਂ ਇਲਾਵਾ ਬਹਾਦਰਪੁਰ ਸ਼ਮਸ਼ਾਨਘਾਟ ’ਚ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਕਰਨ ਜਾਣ ਵਾਲੇ ਲੋਕ ਵੀ ਇਸੇ ਰਸਤੇ ਦਾ ਇਸਤੇਮਾਲ ਕਰਦੇ ਹਨ। ਪ੍ਰਭਾਵਿਤ ਵਿਅਕਤੀਆਂ
ਨੇ ਨਗਰ ਨਿਗਮ ਕੋਲੋਂ ਮੰਗ ਕੀਤੀ ਹੈ ਕਿ ਇਸ ਖਸਤਾ ਹਾਲਤ ਸਡ਼ਕ ਦੀ ਜਲਦ ਸੁੱਧ ਲੈ ਕੇ ਸਡ਼ਕ ਦਾ ਨਵੀਨੀਕਰਨ ਕਰਵਾਇਆ ਜਾਵੇ।