ਸਾਵਧਾਨ! ਸਮੌਗ ਦਾ ਕਹਿਰ ਬਣ ਰਿਹਾ ਸੜਕੀ ਹਾਦਸਿਆਂ ਦਾ ਕਾਰਨ
Saturday, Nov 04, 2017 - 08:35 AM (IST)

ਲੁਧਿਆਣਾ (ਸਲੂਜਾ)-ਹਰ ਸਾਲ ਹੀ ਸਰਦੀ ਦਾ ਆਗਾਜ਼ ਹੁੰਦੇ ਹੀ ਧੁੰਦ ਪੈਂਦੀ ਹੈ ਪਰ ਇਸ ਵਾਰ ਧੁੰਦ ਦੀ ਜਗ੍ਹਾ ਸਮੌਗ ਦਾ ਕਹਿਰ ਸੜਕੀ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ, ਜਿਸ ਤੋਂ ਸਮਾਜ ਦੇ ਹਰ ਵਰਗ ਨੂੰ ਜਾਗਰੂਕ ਰਹਿਣਾ ਹੋਵੇਗਾ।
ਕੀ ਹੈ ਸਮੌਗ
ਪੀ. ਏ. ਯੂ. ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ. ਕੇ. ਕੇ. ਗਿੱਲ ਨੇ ਦੱਸਿਆ ਕਿ ਸਮੌਗ ਧੁੰਦ ਅਤੇ ਧੂੰਏਂ ਦਾ ਮਿਸ਼ਰਣ ਹੈ। ਇਸ ਸਮੇਂ ਧੁੰਦ ਨਾਂਹ ਦੇ ਬਰਾਬਰ ਹੈ, ਜਦੋਂਕਿ ਪਰਾਲੀ ਅਤੇ ਪਟਾਕਿਆਂ ਦਾ ਧੂੰਆਂ ਕਾਫੀ ਜ਼ਿਆਦਾ ਮਾਤਰਾ ਵਿਚ ਹਵਾ ਦੀ ਨਮੀ ਵਿਚ ਰਚ ਗਿਆ ਹੈ, ਜਿਸ ਕਾਰਨ ਆਸਮਾਨ 'ਤੇ ਧੂੜ ਦੀ ਇਕ ਪਰਤ ਬਣ ਗਈ ਹੈ। ਇਹ ਪਰਤ ਉਦੋਂ ਹੀ ਟੁੱਟੇਗੀ, ਜਦੋਂ ਤੇਜ਼ ਹਵਾ ਜਾਂ ਫਿਰ ਬਾਰਿਸ਼ ਦਸਤਕ ਦੇਵੇਗੀ।
ਧੁੰਦ 'ਚ ਸੈਰ ਨਾ ਕਰੋ
ਸਵੇਰ ਸਮੇਂ ਪੈਣ ਵਾਲੀ ਧੁੰਦ ਵਿਚ ਸੈਰ ਕਰਨ ਤੋਂ ਪ੍ਰਹੇਜ਼ ਹੀ ਰੱਖੋ, ਕਿਉਂਕਿ ਇਸ ਵਿਚ ਦਮ ਘੁੱਟਣ ਲਗਦਾ ਹੈ। ਜਦੋਂ ਧੁੰਦ ਛਟ ਜਾਵੇ ਉਦੋਂ ਹੀ ਸੈਰ 'ਤੇ ਨਿਕਲੋ।
ਹੁਣ ਦਸੰਬਰ ਮਹੀਨੇ 'ਚ ਨਹੀਂ ਪੈਂਦੀ ਧੁੰਦ
ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਮੌਸਮ ਵਿਗਿਆਨੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਿਛਲੇ 4-5 ਸਾਲਾਂ ਤੋਂ ਦਸੰਬਰ ਮਹੀਨੇ ਵਿਚ ਧੁੰਦ ਨਹੀਂ ਪੈ ਰਹੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜੋ ਧੁੰਦ ਦੇ ਅਸਰ ਅਧੀਨ ਇਲਾਕੇ ਹਨ, ਉਹ ਸਿਰਫ ਵਾਟਰ ਚੈਨਲ ਦੇ ਨੇੜੇ ਪੈਂਦੇ ਇਲਾਕੇ ਹੀ ਹਨ।
ਲੈਂਡਿੰਗ ਲਈ ਕਿੰਨੀ ਚਾਹੀਦੀ ਵਿਜ਼ੀਬਿਲਟੀ
ਮਿਲੀ ਜਾਣਕਾਰੀ ਮੁਤਾਬਕ ਏਅਰਪੋਰਟ 'ਤੇ ਜਹਾਜ਼ ਦੀ ਲੈਂਡਿੰਗ ਲਈ ਘੱਟੋ-ਘੱਟ 5000 ਮੀਟਰ ਦੀ ਵਿਜ਼ੀਬਿਲਟੀ ਚਾਹੀਦੀ ਹੈ। ਇਥੇ ਦੱਸ ਦੇਈਏ ਕਿ ਸਾਹਨੇਵਾਲ ਏਅਰਪੋਰਟ 'ਤੇ ਡੀ. ਵੀ. ਓ. ਆਰ. ਲੱਗਾ ਹੋਣ ਕਾਰਨ ਘੱਟੋ-ਘੱਟ 1500 ਮੀਟਰ ਦੀ ਵਿਜ਼ੀਬਿਲਟੀ 'ਤੇ ਵੀ ਜਹਾਜ਼ ਲੈਂਡ ਕਰ ਸਕਦਾ ਹੈ। ਪਿਛਲੇ ਦਿਨੀਂ ਤਿੰਨ ਫਲਾਈਟਾਂ ਇਸ ਵਜ੍ਹਾ ਨਾਲ ਰੱਦ ਹੋ ਗਈਆਂ, ਕਿਉਂਕਿ ਹਵਾਮੰਡਲ ਵਿਚ ਸਮੌਗ ਹੋਣ ਨਾਲ ਵਿਜ਼ੀਬਿਲਟੀ 1000 ਤੋਂ 1200 ਮੀਟਰ ਸੀ।
ਧੁੰਦ ਪੈਣ ਦੇ ਆਸਾਰ ਕਦੋਂ ਹੁੰਦੇ ਹਨ ਪੈਦਾ
ਪੀ. ਏ. ਯੂ. ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ. ਕੇ. ਕੇ. ਗਿੱਲ ਨੇ ਇਹ ਸਪੱਸ਼ਟ ਕੀਤਾ ਕਿ ਧੁੰਦ ਪੈਣ ਦੇ ਆਸਾਰ ਉਸ ਸਮੇਂ ਪੈਦਾ ਹੁੰਦੇ ਹਨ, ਜਦੋਂ ਔਸਤਨ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਦੇ ਵਿਚ ਹੋਵੇ। ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 95 ਫੀਸਦੀ ਦੇ ਨੇੜੇ ਅਤੇ ਦੁਪਹਿਰ ਨੂੰ 55 ਤੋਂ 60 ਫੀਸਦੀ ਹੋਵੇ। ਇਸ ਦੇ ਨਾਲ ਹੀ ਰਾਤ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਅਤੇ ਦਿਨ ਵਿਚ ਤਾਪਮਾਨ ਦਾ ਪਾਰਾ 15 ਤੋਂ 18 ਡਿਗਰੀ ਸੈਲਸੀਅਸ ਦੇ ਵਿਚ ਹੋਵੇ। ਜੇਕਰ ਅਸੀਂ ਮੌਜੂਦਾ ਮੌਸਮ ਦੀ ਗੱਲ ਕਰੀਏ ਤਾਂ ਇਸ ਸਮੇਂ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 28 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 15 ਡਿਗਰੀ ਸੈਲਸੀਅਸ ਹੈ। ਇਸ ਲਈ ਇਸ ਸਥਿਤੀ ਵਿਚ ਤਾਂ ਧੁੰਦ ਪੈਣ ਦੀ ਸੰਭਾਵਨਾ ਬਣਦੀ ਹੀ ਨਹੀਂ।
ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਖਹਿਰਾ ਵਲੋਂ ਹਦਾਇਤਾਂ
ਧੁੰਦ ਦਾ ਅਸਰ ਸ਼ੁਰੂ ਹੁੰਦੇ ਹੀ ਸਾਰੇ ਟ੍ਰੈਫਿਕ ਜ਼ੋਨ ਇੰਚਾਰਜਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਇਲਾਕਿਆਂ ਵਿਚ ਜਾ ਕੇ ਖਾਸਕਰ ਹਾਈਵੇ ਦੇ ਕੰਢੇ ਖੜ੍ਹੇ ਹੋਣ ਵਾਲੇ ਟਰੱਕਾਂ ਅਤੇ ਹੋਰਨਾਂ ਵਾਹਨਾਂ ਨੂੰ ਉਥੋਂ ਹਟਵਾਉਣ।
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਵੀ ਕਿਹਾ ਗਿਆ ਹੈ ਕਿ ਉਹ ਉਸਾਰੀ ਅਧੀਨ ਪ੍ਰੋਜੈਕਟਾਂ ਵਿਚ ਡਾਈਵਰਜ਼ਨ ਪੁਆਇੰਟਾਂ 'ਤੇ ਉਚਿਤ ਰਿਫਲੈਕਟਰ ਅਤੇ ਕੈਟ ਆਈ ਤੁਰੰਤ ਲਗਵਾਉਣ।
ਟ੍ਰੈਫਿਕ ਪੁਲਸ ਸਾਰੀਆਂ ਟ੍ਰਾਂਸਪੋਰਟ ਜਥੇਬੰਦੀਆਂ ਵਿਚ ਜਾ ਕੇ ਟਰੱਕ ਚਾਲਕਾਂ ਅਤੇ ਆਪ੍ਰੇਟਰਾਂ ਨੂੰ ਜਾਗਰੂਕ ਕਰੇਗੀ ਕਿ ਉਹ ਆਪਣੇ ਵਾਹਨਾਂ ਦੇ ਚਾਰੇ ਪਾਸੇ ਰਿਫਲੈਕਟਰ ਜ਼ਰੂਰ ਲਗਵਾਉਣ।
ਆਮ ਲੋਕ ਵੀ ਸਵੇਰੇ ਅਤੇ ਸ਼ਾਮ ਨੂੰ ਧੁੰਦ ਸਮੇਂ ਵਾਹਨ ਚਲਾਉਂਦੇ ਸਮੇਂ ਸਾਵਧਾਨੀਆਂ ਜ਼ਰੂਰ ਵਰਤਣ।
ਇਹ ਵਰਤੋਂ ਸਾਵਧਾਨੀਆਂ
ਡਾ. ਕਮਲਜੀਤ ਸੋਈ, ਮੈਂਬਰ, ਰਾਸ਼ਟਰੀ ਸੜਕ ਸੁਰੱਖਿਆ ਕੌਂਸਲ ਨੇ ਧੁੰਦ ਵਿਚ ਡਰਾਈਵਿੰਗ ਕਰਨ ਦੌਰਾਨ ਕੁੱਝ ਟਿਪਸ ਦਿੱਤੇ ਹਨ ਜੋ ਇਸ ਤਰ੍ਹਾਂ ਹਨ :-
ਧੁੰਦ ਸਵੇਰ ਅਤੇ ਰਾਤ ਸਮੇਂ ਆਪਣਾ ਰੂਪ ਦਿਖਾਉਂਦੀ ਹੈ। ਇਸ ਲਈ ਇਸ ਸਮੇਂ ਦੌਰਾਨ ਡਰਾਈਵਿੰਗ ਤੋਂ ਪ੍ਰਹੇਜ਼ ਕਰੋ।
ਧੁੰਦ ਦੌਰਾਨ ਸੜਕਾਂ 'ਤੇ ਟ੍ਰੈਫਿਕ ਦੀ ਰਫਤਾਰ ਆਮ ਤੋਂ ਕਿਤੇ ਜ਼ਿਆਦਾ ਜਾਂ ਘੱਟ ਹੋ ਜਾਂਦੀ ਹੈ। ਇਸ ਲਈ ਸੜਕ 'ਤੇ ਵਾਹਨ ਚਲਾਉਂਦੇ ਸਮੇਂ ਸੰਜਮ ਵਰਤਣ ਅਤੇ ਵਾਹਨ ਹੌਲੀ ਚਲਾਉਣ।
ਡਰਾਈਵਿੰਗ ਦੌਰਾਨ ਮੋਬਾਇਲ ਫੋਨ, ਈਅਰਫੋਨ ਜਾਂ ਮਿਊਜ਼ਿਕ ਤੋਂ ਦੂਰ ਰਹੋ। ਇਹ ਤੁਹਾਡਾ ਧਿਆਨ ਭਟਕਾ ਸਕਦੇ ਹਨ। ਕਾਰ ਦੇ ਸ਼ੀਸ਼ੇ ਖੁੱਲ੍ਹੇ ਰੱਖੋ ਤਾਂਕਿ ਟ੍ਰੈਫਿਕ ਦੀ ਆਵਾਜ਼ ਸੁਣਾਈ ਦੇ ਸਕੇ।
ਡਰਾਈਵਰ ਸਮੇਤ ਸਾਰੇ ਪੈਸੰਜਰ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰਨ। ਸੀਟ ਬੈਲਟ ਲੱਗੀ ਹੋਵੇਗੀ ਤਾਂ ਹਾਦਸੇ ਦੌਰਾਨ ਸਰੀਰਕ ਨੁਕਸਾਨ ਦਾ ਖਤਰਾ ਘੱਟ ਜਾਂਦਾ ਹੈ।
ਆਪਣੇ ਤੋਂ ਅੱਗੇ ਜਾ ਰਹੇ ਵਾਹਨਾਂ ਤੋਂ ਉਚਿਤ ਦੂਰੀ ਬਣਾ ਕੇ ਰੱਖੋ। ਅੱਗੇ ਨਿਕਲਣ ਦੀ ਕਾਹਲੀ ਨਾ ਕਰੋ।
ਜੇਕਰ ਵਾਹਨ 'ਤੇ ਫੋਗ ਲਾਈਟਾਂ ਲੱਗੀਆਂ ਹੋਣ ਤਾਂ ਉਨ੍ਹਾਂ ਨੂੰ ਚਲਾ ਲਓ ਨਹੀਂ ਤਾਂ ਲਾਈਟਾਂ ਲੋ ਬੀਮ 'ਤੇ ਚਲਾਓ। ਹਾਈ ਬੀਮ 'ਤੇ ਲਾਈਟਾਂ ਚਲਾਉਣ 'ਤੇ ਰੌਸ਼ਨੀ ਧੁੰਦ ਨਾਲ ਟਕਰਾਅ ਕੇ ਵਾਪਸ ਚਾਲਕ ਦੀਆਂ ਅੱਖਾਂ 'ਚ ਪੈਂਦੀ ਹੈ।
ਧੁੰਦ ਵਿਚ ਡਰਾਈਵਿੰਗ ਦੌਰਾਨ ਹਮੇਸ਼ਾ ਪਾਰਕਿੰਗ ਲਾਈਟਾਂ ਚਾਲੂ ਰੱਖੋ। ਇਸ ਨਾਲ ਅੱਗੇ ਅਤੇ ਪਿੱਛੇ ਚੱਲ ਰਹੇ ਵਾਹਨਾਂ ਨੂੰ ਤੁਹਾਡਾ ਪਤਾ ਲਗਦਾ ਰਹਿੰਦਾ ਹੈ।
ਧੁੰਦ ਦੌਰਾਨ ਹਮੇਸ਼ਾ ਇਕ ਹੀ ਲੇਨ 'ਤੇ ਵਾਹਨ ਚਲਾਓ। ਓਵਰਟੇਕਿੰਗ ਕਰਨ ਜਾਂ ਵਾਰ-ਵਾਰ ਲੇਨ ਬਦਲਣ ਤੋਂ ਪ੍ਰਹੇਜ਼ ਕਰੋ।
ਇਸ ਦੌਰਾਨ ਪੈਦਲ, ਸਾਈਕਲ ਅਤੇ ਦੋਪਹੀਆ ਵਾਹਨ ਚਾਲਕਾਂ ਦਾ ਖਾਸ ਧਿਆਨ ਰੱਖੋ। ਡਰਾਈਵਿੰਗ ਦੌਰਾਨ ਕੋਲ ਬੈਠੇ ਸਾਥੀ ਦੀ ਮਦਦ ਲਓ।
ਧੁੰਦ ਵਿਚ ਡਰਾਈਵਿੰਗ ਦੌਰਾਨ ਸੜਕ 'ਤੇ ਚਲਦੇ ਜਾਂ ਬੈਠੇ ਆਵਾਰਾ ਜਾਨਵਰਾਂ ਤੋਂ ਬਚਾਅ ਰੱਖੋ। ਧੁੰਦ ਵਿਚ ਆਮ ਕਰ ਕੇ ਜਾਨਵਰ ਦਿਖਾਈ ਨਹੀਂ ਦਿੰਦੇ।
ਧੁੰਦ ਵਿਚ ਜੇਕਰ ਸਾਹਮਣੇ ਬਿਲਕੁੱਲ ਵੀ ਦਿਖਾਈ ਨਾ ਦੇਵੇ ਤਾਂ ਕੋਈ ਯੋਗ ਜਗ੍ਹਾ ਦੇਖ ਕੇ ਵਾਹਨ ਨੂੰ ਖੜ੍ਹਾ ਕਰ ਕੇ ਐਮਰਜੈਂਸੀ ਲਾਈਟਾਂ ਚਾਲੂ ਕਰ ਦਿਓ।