8 ਫੁੱਟ ਡੂੰਘੇ ਟੋਏ 'ਚ ਡਿੱਗੀ ਬਰੇਜਾ ਗੱਡੀ, ਮਾਂ-ਪੁੱਤਰ ਦੀ ਮੌਤ

Wednesday, Feb 05, 2020 - 01:06 PM (IST)

8 ਫੁੱਟ ਡੂੰਘੇ ਟੋਏ 'ਚ ਡਿੱਗੀ ਬਰੇਜਾ ਗੱਡੀ, ਮਾਂ-ਪੁੱਤਰ ਦੀ ਮੌਤ

ਦਸੂਹਾ (ਝਾਵਰ))— ਦਸੂਹਾ ਨੇੜੇ ਪੈਂਦੇ ਪਿੰਡ ਪਵਾਂ ਝਿੰਗੜ ਨੇੜੇ ਕੌਮੀ ਮਾਰਗ 'ਤੇ ਬੀਤੀ ਰਾਤ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਮਾਂ-ਪੁੱਤ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਚੰਬਾ ਡਲਹੋਜ਼ੀ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਮੈਂਬਰ ਆਪਣੇ ਪੰਜ ਸਾਲਾ ਬੱਚੇ ਨੂੰ ਟੈਗੋਰ ਹਸਪਤਾਲ ਜਲੰਧਰ ਵਿਖੇ ਚੈੱਕ ਕਰਵਾਉਣ ਲਈ ਬਰੇਜਾ ਗੱਡੀ ਐੱਚ. ਪੀ. 48-8758 'ਚ ਜਾ ਰਹੇ ਸਨ ਕਿ ਦਸੂਹਾ ਨੇੜੇ ਪਿੰਡ ਪਵਾਂ ਝਿੰਗੜ ਕੋਲ ਗੱਡੀ ਅਚਾਨਕ ਪੁਲੀ ਨਾਲ ਟਕਰਾ ਗਈ। ਇਸ ਤੋਂ ਬਾਅਦ ਗੱਡੀ 8 ਫੁੱਟ ਡੂੰਘੇ ਟੋਏ 'ਚ ਜਾ ਡਿੱਗੀ।

PunjabKesari

ਇਸ ਹਾਦਸੇ 'ਚ ਗੱਡੀ 'ਚ ਸਵਾਰ ਸੁਮਨ ਪਤਨੀ ਸੁਰਿੰਦਰ ਪਾਲ ਅਤੇ ਉਸ ਦੇ ਪੁੱਤਰ ਦਿਵਾਸ (5) ਸੁਰਿੰਦਰ ਪਾਲ ਦੀ ਮੌਤ ਹੋ ਗਈ। ਉਸ ਦਾ ਪਤੀ ਸੁਰਿੰਦਰ ਪਾਲ ਪੁੱਤਰ ਦੇਸ ਰਾਜ ਅਤੇ ਡਰਾਈਵਰ ਪੰਕਜ ਪੁੱਤਰ ਅਮਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਪਿੰਡ ਪਵਾਂ ਝਿੰਗੜ ਦੇ ਲੋਕਾਂ ਨੇ ਤੁਰੰਤ ਗੱਡੀ 'ਚੋਂ ਕੱਢ ਕੇ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ। ਇਸ ਮੌਕੇ ਬੱਚੇ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਗੱਡੀ ਦੇ ਚਾਲਕ ਪੰਕਜ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।  


author

shivani attri

Content Editor

Related News