ਸੜਕ ਹਾਦਸੇ ਨੇ ਖੋਹਿਆ ਫੌਜੀ ਜਵਾਨ ਪੁੱਤ, 2 ਸਾਲ ਪਹਿਲਾਂ ਹੋਇਆ ਸੀ ਵਿਆਹ

12/07/2017 6:50:51 PM

ਨੂਰਪੁਰਬੇਦੀ (ਭੰਡਾਰੀ)— ਮੱਧ ਪ੍ਰਦੇਸ਼ ਸੂਬੇ 'ਚ ਵਾਪਰੇ ਇਕ ਸੜਕ ਹਾਦਸੇ ਦੌਰਾਨ ਨਜ਼ਦੀਕੀ ਪਿੰਡ ਬਾਲੇਵਾਲ ਦੇ ਇਕ ਨੌਜਵਾਨ ਸੈਨਿਕ ਦੀ ਮੌਤ ਹੋ ਗਈ ਅਤੇ ਜਿਸ ਦਾ ਵੀਰਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ 28 ਸਾਲਾ ਫੌਜੀ ਨਰਿੰਦਰ ਕੁਮਾਰ ਪੁੱਤਰ ਅਮਰੀਕ ਸਿੰਘ ਜੋ ਆਰਮੀ 'ਚ ਹੌਲਦਾਰ ਕਲਰਕ ਸੀ, ਬੀਤੀ ਸ਼ਾਮ ਮੱਧ ਪ੍ਰਦੇਸ਼ ਵਿਖੇ ਜਦੋਂ ਆਪਣੇ ਕੁਝ ਹੋਰ ਸਾਥੀਆਂ ਨਾਲ ਬਾਜ਼ਾਰ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਗੱਡੀ ਇਕ ਦਰੱਖਤ ਨਾਲ ਜਾ ਟਕਰਾ ਗਈ। ਇਸ ਦੇ ਸਿੱਟੇ ਵਜੋਂ ਨਰਿੰਦਰ ਕੁਮਾਰ ਦੀ ਮੌਤ ਹੋ ਗਈ ਜਦਕਿ ਉਸ ਦੇ ਨਾਲ ਸਵਾਰ ਕੁਝ ਹੋਰ ਸਾਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। 
ਵੀਰਵਾਰ ਮ੍ਰਿਤਕ ਫੌਜੀ ਦੀ ਦੇਹ ਨੂੰ ਉਸ ਦੇ ਜੱਦੀ ਪਿੰਡ ਬਾਲੇਵਾਲ ਵਿਖੇ ਲਿਆਂਦਾ ਗਿਆ, ਜਿੱਥੇ ਕੁਝ ਸਮੇਂ ਬਾਅਦ ਪਿੰਡ 'ਚ ਬਣੇ ਸ਼ਮਸ਼ਾਨਘਾਟ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਫੌਜ਼ੀ ਅਮਰੀਕ ਸਿੰਘ ਦਾ ਕਰੀਬ 2 ਕੁ ਸਾਲ ਪਹਿਲਾਂ ਹੀ ਲਖਵਿੰਦਰ ਕੌਰ ਨਾਲ ਵਿਆਹ ਹੋਇਆ ਸੀ ਜੋ ਕਿ ਆਰਮੀ ਵਿੱਚ ਹੀ ਕੈਪਟਨ ਦੇ ਅਹੁਦੇ 'ਤੇ ਤਾਇਨਾਤ ਸੀ। ਮ੍ਰਿਤਕ ਨਰਿੰਦਰ ਕੁਮਾਰ ਆਪਣੇ ਪਿੱਛੇ ਇਕ 6 ਮਹੀਨੇ ਦੀ ਨੰਨ੍ਹੀ ਬੱਚੀ, ਮਾਤਾ ਜੋਗਿੰਦਰ ਕੌਰ, ਪਿਤਾ ਅਮਰੀਕ ਸਿੰਘ ਅਤੇ ਇਕ ਭਰਾ ਅਵਤਾਰ ਸਿੰਘ ਨੂੰ ਛੱਡ ਗਿਆ ਹੈ। ਫੌਜੀ ਦੇ ਅੰਤਿਮ ਸੰਸਕਾਰ ਮੌਕੇ ਆਪ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਨਾਇਬ ਤਹਿਸੀਲਦਾਰ ਅਮਨਦੀਪ ਚਾਵਲਾ, ਏ. ਐਸ. ਆਈ. ਰੌਸ਼ਨ ਲਾਲ, ਸਰਪੰਚ ਗੋਪਾਲ ਚੰਦ, ਸਰਪੰਚ ਜਸਪਾਲ, ਲੇਖਰਾਜ, ਸੁਰਿੰਦਰਪਾਲ, ਨੰਦਲਾਲ ਸਾਬਕਾ ਸਰਪੰਚ ਤੇ ਭਗਤ ਪ੍ਰਕਾਸ਼ ਚੰਦ ਸਣੇ ਸੈਂਕੜੇ ਲੋਕ ਤੇ ਹੋਰ ਸਖਸ਼ੀਅਤਾਂ ਮੌਜੂਦ ਸਨ।


Related News