ਤੇਜ ਰਫਤਾਰ ਕਾਰ ਨੇ ਖੋਹੀਆਂ ਮਾਪਿਆਂ ਦੀਆਂ ਖੁਸ਼ੀਆਂ, ਇਕਲੌਤੇ ਪੁੱਤਰ ਦੀ ਮੌਤ (ਵੀਡੀਓ)

05/25/2018 10:29:38 AM

ਜਲੰਧਰ (ਬਿਊਰੋ) - ਜਲੰਧਰ ਦੇ ਨਿਊ ਜਵਾਹਰ ਨਗਰ 'ਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਰਿਸ਼ਭ ਨਾਂ ਦੇ ਨੌਜਵਾਨ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਤੇ ਉਸਦੀਆਂ ਪਸਲੀਆਂ ਵੀ ਟੁੱਟ ਗਈਆਂ। ਜਿਸ ਤੋਂ ਬਾਅਦ ਨੌਜਵਾਨ ਨੂੰ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਪਰ ਡਾਕਟਰਾਂ ਨੇ ਹਸਪਤਾਲ 'ਚ ਇਲਾਜ ਲਈ ਮਸ਼ੀਨਾਂ ਨਾ ਹੋਣ ਕਾਰਨ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ।  
ਜਦੋਂ ਇਸ ਐਕਸੀਡੈਂਟ ਬਾਰੇ ਬਸਤੀ ਸ਼ੇਖ ਸਥਿਤ ਰਿਸ਼ਭ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਘਰ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਗਮਗੀਨ ਹੋ ਗਿਆ। ਮ੍ਰਿਤਕ ਦੇ ਪਿਤਾ ਨੇ ਹਸਪਤਾਲ ਪ੍ਰਸ਼ਾਸਨ 'ਤੇ ਇਲਾਜ 'ਚ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 
ਇੱਥੇ ਇਹ ਦੱਸਣਯੋਗ ਹੈ ਕਿ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਕਾਰ ਡਰਾਈਵਰ ਨੇ ਸਰੰਡਰ ਕਰ ਦਿੱਤਾ ਹੈ ਪਰ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਵਾਕਿਏ ਕਾਰ ਉਸੇ ਵੱਲੋਂ ਹੀ ਚਲਾਈ ਜਾ ਰਹੀ ਸੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ। 
ਦੱਸ ਦੇਈਏ ਕਿ ਬਾਈਕ ਸਵਾਰ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਡੀ.ਏ.ਵੀ. ਕਾਲਜ 'ਚ ਬੀ.ਕਾਮ. ਪਹਿਲੇ ਸਾਲ ਦਾ ਵਿਦਿਆਰਥੀ ਸੀ। ਉਹ ਸਵੇਰ ਦੇ ਸਮੇਂ ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਸ਼ਾਮ ਨੂੰ ਕਿਸੇ ਸ਼ਾਪਿੰਗ ਮਾਲ 'ਚ ਨੌਕਰੀ ਕਰਦਾ ਸੀ। ਅਚਾਨਕ ਵਾਪਰੇ ਇਸ ਹਾਦਸੇ ਨੇ ਜਿੱਥੇ ਇਕ ਇਨਸਾਨ ਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ, ਉਥੇ ਹੀ ਉਸਦੇ ਪਰਿਵਾਰ ਨੂੰ ਵੀ ਉਮਰ ਭਰ ਦਾ ਰੋਣਾ ਦੇ ਦਿੱਤਾ ਹੈ।


Related News