ਪਸ਼ੂ ਨੂੰ ਬਚਾਉਂਦੇ ਦਰੱਖ਼ਤ ਨਾਲ ਟਕਰਾਈ ਕਾਰ, ਪੁੱਤ ਦੀਆਂ ਅੱਖਾਂ ਸਾਹਮਣੇ ਪਿਓ ਦੀ ਤੜਫ਼-ਤੜਫ਼ ਕੇ ਹੋਈ ਮੌਤ
Monday, May 06, 2024 - 07:15 PM (IST)
 
            
            ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਅੱਡਾ ਕਾਹਨਪੁਰ ਖੂਹੀ (ਹਦਬਸਤ ਪਿੰਡ ਰੈਂਸੜਾ) ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਆਵਾਰਾ ਪਸ਼ੂ ਨੂੰ ਬਚਾਉਂਦੇ ਸਮੇਂ ਇਕ ਕਾਰ ਦੇ ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ਵਿਚ ਕਾਰ ਵਿਚ ਸਵਾਰ ਪਿਤਾ ਦੀ ਮੌਤ ਹੋ ਗਈ ਜਦਕਿ ਕਾਰ ਚਾਲਕ ਨੌਜਵਾਨ ਪੁੱਤਰ ਦਾ ਵਾਲ-ਵਾਲ ਬਚਾ ਹੋ ਗਿਆ। ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਪੁਲਸ ਚੌਂਕੀ ਕਲਵਾਂ ਵਿਖੇ ਦਰਜ ਕਰਵਾਏ ਬਿਆਨਾਂ ’ਚ ਨੌਜਵਾਨ ਕਰਨ ਸਿੰਘ ਨਿਵਾਸੀ ਪਿੰਡ ਮਣਕੂਮਾਜਰਾ (ਥਾਣਾ), ਪੁਲਸ ਸਟੇਸ਼ਨ ਨੂਰਪੁਰਬੇਦੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਰਾਕੇਸ਼ ਕੁਮਾਰ (54) ਪੁੱਤਰ ਰਾਮ ਪ੍ਰਕਾਸ਼ ਨਾਲ ਕਿਸੇ ਨਿੱਜੀ ਕੰਮ ਲਈ ਆਪਣੀ ਆਲਟੋ ਕਾਰ ’ਚ ਸਵਾਰ ਹੋ ਕੇ ਗੜ੍ਹਸ਼ੰਕਰ ਵਿਖੇ ਗਏ ਹੋਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਗਰਮੀ ਕਢਾ ਰਹੀ ਵੱਟ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਅਗਲੇ ਦਿਨਾਂ ਦੇ ਮੌਸਮ ਦਾ ਹਾਲ

ਉਸ ਨੇ ਦੱਸਿਆ ਕਿ ਉਹ ਖ਼ੁਦ ਕਾਰ ਚਲਾ ਰਿਹਾ ਸੀ ਜਦਕਿ ਉਸ ਦੇ ਪਿਤਾ ਨਾਲ ਦੀ ਸੀਟ ’ਤੇ ਬੈਠੇ ਹੋਏ ਸਨ ਪਰ ਜਦੋਂ ਸਵੇਰੇ ਕਰੀਬ ਸਾਢੇ 4 ਕੁ ਵਜੇ ਉਹ ਅੱਡਾ ਕਾਹਨਪੁਰ ਖ਼ੂਹੀ ਹਦਬਸਤ ਪਿੰਡ ਰੈਂਸੜਾ ਨੇੜੇ ਪਹੁੰਚੇ ਤਾਂ ਮੁੱਖ ਮਾਰਗ ਤੋਂ ਇਕ ਆਵਾਰਾ ਪਸ਼ੂ ਸੜਕ ਕਰਾਸ ਕਰ ਰਿਹਾ ਸੀ। ਜਿਸ ਨੂੰ ਬਚਾਉਂਦੇ ਸਮੇਂ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਭਾਰੀ ਦਰੱਖ਼ਤ ਨਾਲ ਟਕਰਾ ਗਈ। ਜਿਸ ਦੌਰਾਨ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਦੇ ਪਿਤਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਦਕਿ ਉਸ ਦਾ ਵਾਲ-ਵਲਾ ਬਚਾ ਹੋ ਗਿਆ। ਇਸ ਤੋਂ ਉਪਰੰਤ ਉਸ ਨੇ ਆਪਣੇ ਗੰਭੀਰ ਜ਼ਖ਼ਮੀ ਹੋਏ ਪਿਤਾ ਰਾਕੇਸ਼ ਕੁਮਾਰ ਨੂੰ ਰਾਹਗੀਰਾਂ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਇਲਾਜ ਲਈ ਪਹੁੰਚਾਇਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਉਸ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਕਤ ਹਾਦਸਾ ਕੁਦਰਤੀ ਹੋਇਆ ਹੈ ਅਤੇ ਜਿਸ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਮੇਹਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ 174 ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਅਤੇ ਲਾਸ਼ ਨੂੰ ਸ੍ਰੀ ਅਨੰਦਪੁਰ ਸਾਹਿਬ ਸਥਿਤ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਇਕ ਹੋਰ ਗਾਰੰਟੀ ਪੂਰਾ ਕਰੇਗੀ 'ਆਪ', ਔਰਤਾਂ ਨੂੰ ਜਲਦ ਮਿਲਣਗੇ 1000 ਰੁਪਏ ਮਹੀਨਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            