ਸੜਕ ਹਾਦਸੇ ''ਚ ਪਤੀ-ਪਤਨੀ ਦੀ ਮੌਤ, ਜੱਥੇਬੰਦੀਆਂ ਵੱਲੋਂ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ
Thursday, Apr 28, 2022 - 09:43 AM (IST)
ਭਦੌੜ (ਰਾਕੇਸ਼) : ਬੀਤੀ ਦਿਨੀਂ ਗੁਲਜ਼ਾਰ ਮੁਹੰਮਦ ਅਤੇ ਉਨ੍ਹਾਂ ਦੀ ਪਤਨੀ ਸੀਮਾ ਬੇਗਮ ਵਾਸੀ ਕਸਬਾ ਭਦੌੜ ਤੋਂ ਮੋਟਰਸਾਈਕਲ ’ਤੇ ਆਪਣੀ ਕਿਸੇ ਰਿਸ਼ਤੇਦਾਰੀ ’ਚ ਜਾ ਰਹੇ ਸਨ ਕਿ ਜਦੋਂ ਉਹ ਪਿੰਡ ਕੁਠਾਲਾ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਪਿੰਡ ਕੁਠਾਲਾ ਵਾਲੀ ਸਾਈਡ ਤੋਂ ਆ ਰਹੀ ਇਕ ਕਾਰ ਨਾਲ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਦੋਵਾਂ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸੰਦੌੜ ਦੇ ਏ. ਐੱਸ. ਆਈ. ਰਾਜਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਬਲਵੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕਰ ਕੇ ਮ੍ਰਿਤਕ ਸਰੀਰਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਪੋਸਟਮਾਰਟਮ ਕਰਵਾਉਣ ਉਪਰੰਤ ਦੋਵੇਂ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਭਰੀਆਂ ਅੱਖਾਂ ਨਾਲ ਦੋਵਾਂ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ।
ਮ੍ਰਿਤਕਾਂ ਦੇ ਦੋਵੇਂ ਪੁੱਤਰ ਰਫੀਕ ਮੁਹਮੰਦ ਅਤੇ ਮੁਹਮੰਦ ਲਤੀਫ਼ ਨਾਲ ਵੱਖ-ਵੱਖ ਕਿਸਾਨ ਯੂਨੀਅਨਾਂ, ਡੀ. ਟੀ. ਐੱਫ. ਯੂਨੀਅਨ, ਲੋਕ ਚੇਤਨਾ ਮੰਚ, ਤਰਕਸ਼ੀਲ ਸੋਸਾਇਟੀ, ਵੱਖ-ਵੱਖ ਕਲੱਬਾਂ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਬਣਦਾ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ ਗਿਆ। ਇਸ ਸਮੇਂ ਮੁਸਲਿਮ ਕਮੇਟੀ ਭਦੌੜ ਅਹੁਦੇਦਾਰ ਡਾ. ਖੁਰਸੀਦ ਮੁਹੰਮਦ ਅਤੇ ਸਾਦ ਮੁਹੰਮਦ ਨੇ ਦੱਸਿਆ ਕਿ ਇਹ ਹਾਦਸਾ ਕਾਰ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ, ਇਸ ਲਈ ਕਾਰ ਦੇ ਡਰਾਈਵਰ ਖ਼ਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਸਮੇਂ ਹਾਜ਼ਰ ਜੱਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਇਨਸਾਫ਼ ਨਾ ਦਿੱਤਾ ਗਿਆ ਤਾਂ ਮਜਬੂਰ ਹੋ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।