ਪਤੀ ਦੀ ਕਰਤੂਤ, ਤਲਾਕ ਦੀ ਤਰੀਕ ਭੁਗਤ ਕੇ ਆ ਰਹੀ ਪਤਨੀ ਨੂੰ ਗੱਡੀ ਨਾਲ ਕੁਚਲਿਆ

Tuesday, May 28, 2019 - 11:20 AM (IST)

ਪਤੀ ਦੀ ਕਰਤੂਤ, ਤਲਾਕ ਦੀ ਤਰੀਕ ਭੁਗਤ ਕੇ ਆ ਰਹੀ ਪਤਨੀ ਨੂੰ ਗੱਡੀ ਨਾਲ ਕੁਚਲਿਆ

ਹੁਸ਼ਿਆਰਪੁਰ (ਅਮਰੀਕ)— ਅਦਾਲਤ ਤੋਂ ਤਰੀਕ ਭੁਗਤ ਕੇ ਆ ਰਹੀ ਮਹਿਲਾ ਨੂੰ ਕਲਯੁਗੀ ਪਤੀ ਨੇ ਹੀ ਆਪਣੀ ਗੱਡੀ ਨਾਲ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ 'ਚ ਉਸ ਦੀ ਮੌਤ ਹੋ ਗਈ। ਪਤੀ ਦੀ ਇਹ ਕਰਤੂਤ ਨੇੜੇ ਦੇ ਮੈਰਿਜ ਪੈਲੇਸ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਮਹਿਲਾ ਦਾ ਹਤਿਆਰਾ ਉਸ ਦਾ ਪਤੀ ਹੀ ਹੈ। ਪੁਲਸ ਮੁਲਜ਼ਮ ਨੂੰ ਫੜਨ 'ਚ ਛਾਪੇਮਾਰੀ ਕਰ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਕ 55 ਸਾਲਾ ਕਮਲਜੀਤ ਕੌਰ ਪਤਨੀ ਤਰਸੇਮ ਸਿੰਘ ਵਾਸੀ ਮਹਿਮਦੋਂਵਾਲ ਥਾਣਾ ਮਾਹਿਲਪੁਰ ਦਾ ਆਪਣੇ ਪਤੀ ਨਾਲ ਝਗੜਾ ਹੋਣ ਕਾਰਨ ਉਹ ਆਪਣੇ ਪੇਕੇ ਪਿੰਡ ਮੇਹਨਾ 'ਚ ਰਹਿ ਰਹੀ ਸੀ ਅਤੇ ਉਸ ਨੇ ਆਪਣੇ ਪਤੀ 'ਤੇ ਖਰਚ ਅਤੇ ਤਲਾਕ ਲੈਣ ਲਈ ਹੁਸ਼ਿਆਰਪੁਰ ਦੀ ਅਦਾਲਤ 'ਚ ਕੇਸ ਕੀਤਾ ਹੋਇਆ ਸੀ। ਅਦਾਲਤ 'ਚ ਤਰੀਕ ਹੋਣ ਕਾਰਨ ਸੋਮਵਾਰ ਨੂੰ ਸਵੇਰੇ ਬੱਸ 'ਚ ਬੈਠ ਕੇ ਹੁਸ਼ਿਆਰਪੁਰ ਗਈ ਸੀ, ਉਥੋਂ ਉਹ ਬੱਸ 'ਚ ਬੈਠ ਕੇ ਵਾਪਸ ਜਾਣ ਲਈ ਚੱਬੇਵਾਲ ਨੇੜੇ ਸਵਾ ਤਿੰਨ ਵਜੇ ਸੰਧੂ ਮੈਰਿਜ ਪੈਲੇਸ ਦੇ ਕੋਲ ਪੈਦਲ ਜਾ ਰਹੀ ਸੀ ਤਾਂ ਪਿੱਛੇ ਤੋਂ ਤੇਜ਼ ਰਫਤਾਰ ਕਾਰ ਉਸ ਨੂੰ ਕੁਚਲਦੀ ਹੋਈ ਅੱਗੇ ਨਿਕਲ ਗਈ। ਜ਼ਖਮੀ ਹਾਲਤ 'ਚ ਉਸ ਨੂੰ ਉਥੇ ਮੌਜੂਦ ਲੋਕਾਂ ਵੱਲੋਂ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।

ਚੱਬੇਵਾਲ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ਼ ਦੇਖੀ ਤਾਂ ਮ੍ਰਿਤਕ ਦੀ ਬੇਟੀ ਰਾਜਿੰਦਰ ਕੌਰ ਨੇ ਫੁਟੇਜ਼ 'ਚ ਨਜ਼ਰ ਆਈ ਕਾਰ ਨੂੰ ਦੇਖਿਆ ਅਤੇ ਦੱਸਿਆ ਕਿ ਇਹ ਕਾਰ ਉਸ ਦੇ ਪਿਤਾ ਤਰਸੇਮ ਸਿੰਘ ਦੀ ਹੈ। ਚੱਬੇਵਾਲ ਪੁਲਸ ਘਟਨਾ ਦੀ ਜਾਂਚ ਕਰਨ 'ਚ ਲੱਗੀ ਹੋਈ ਹੈ ਅਤੇ ਮ੍ਰਿਤਕ ਕਮਲਜੀਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ। ਇਸ ਸਬੰਧ 'ਚ ਥਾਣਾ ਚੱਬੇਵਾਲ ਪੁਲਸ ਇੰਚਾਰਜ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਲੜਕੀ ਦੇ ਬਿਆਨਾਂ 'ਤੇ ਦੋਸ਼ੀ ਤਰਸੇਮ ਸਿੰਘ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।


author

shivani attri

Content Editor

Related News