ਟਰੱਕ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਮਹਿਲਾ ਦੀ ਮੌਤ

Wednesday, Aug 07, 2019 - 11:43 PM (IST)

ਟਰੱਕ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਮਹਿਲਾ ਦੀ ਮੌਤ

ਲੁਧਿਆਣਾ,(ਮਹੇਸ਼) : ਜੋਧੇਵਾਲ ਚੌਕ ਦੇ ਨੇੜੇ ਬੁੱਧਵਾਰ ਨੂੰ ਟਰੱਕ ਦੀ ਲਪੇਟ 'ਚ ਆਉਣ ਨਾਲ ਐਕਟਿਵਾ ਸਵਾਰ 60 ਸਾਲਾ ਬਜ਼ੁਰਗ ਮਹਿਲਾ ਦੀ ਦਰਦਨਾਕ ਮੌਤ ਹੋ ਗਈ ਜਦਕਿ ਉਸ ਦੀ ਨੁੰਹ ਨੂੰ ਹਾਦਸੇ 'ਚ ਮਾਮੂਲੀ ਸੱਟਾਂ ਲੱਗੀਆਂ ਹਨ। ਮ੍ਰਿਤਕਾ ਦੀ ਪਛਾਣ ਚੰਦਰ ਨਗਰ ਨਿਵਾਸੀ ਸਰਲਾ ਭਾਟੀਆ ਵਜੋਂ ਹੋਈ ਹੈ। ਦਰੇਸੀ ਪੁਲਸ ਨੇ ਟਰੱਕ ਨੂੰ ਜਬਤ ਕਰ ਕੇ ਉਸ ਦੇ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ। ਸਮਾਚਾਰ ਲਿਖੇ ਜਾਣ ਤੱਕ ਕੇਸ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਸੀ। ਪਿਛਲੇ 5 ਦਿਨਾਂ 'ਚ ਸੜਕ ਹਾਦਸਿਆਂ 'ਚ ਇਹ ਚੌਥੀ ਮੌਤ ਹੈ। ਇਸ ਤੋਂ ਪਹਿਲਾ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ 'ਤੇ ਮੈਟਰੋ ਦੇ ਕੋਲ ਹੋਈ ਦੁਰਘਟਨਾ ਵਿਚ ਕਾਰ ਸਵਾਰ ਮਾਂ-ਬੇਟੀ ਦੀ ਮੌਤ ਹੋ ਗਈ ਹੈ। ਉਹ ਆਪਣੇ ਪਰਿਵਾਰ ਦੇ ਨਾਲ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਘਰ ਮੁੜ ਰਹੀ ਸੀ ਜਦਕਿ ਮੰਗਲਵਾਰ ਨੂੰ ਕਾਦੀਆਂ ਦੇ ਨੇੜੇ ਇਕ ਤੇਜ਼ ਰਫਤਾਰ ਟੈਂਪੂ ਟਕਰਾ ਜਾਣ ਨਾਲ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ ਸੀ। ਇਹ ਦੋਵੇਂ ਹਾਦਸੇ ਵੀ ਲੋਕਾਂ ਦੇ ਜਹਿਨ ਵਿਚ ਤਾਜ਼ਾ ਹੀ ਸਨ ਕਿ ਇਹ ਹਾਦਸਾ ਹੋ ਗਿਆ।

ਘਟਨਾ ਬੁੱਧਵਾਰ ਲਗਭਗ 3.30 ਵਜੇ ਦੀ ਹੈ। ਸਰਲਾ ਆਪਣੀ ਨੁੰਹ ਸ਼ੰਮ੍ਹਾ ਨਾਲ ਉਸ ਦੀ ਐਕਟਿਵਾ 'ਤੇ ਜੇਲ ਸਾਈਡ ਤੋਂ ਸਮਰਾਲਾ ਚੌਕ ਵੱਲ ਜਾ ਰਹੀ ਸੀ। ਐਕਟਿਵਾ ਸ਼ੰਮ੍ਹਾ ਚਲਾ ਰਹੀ ਸੀ, ਜਦ ਉਹ ਚੌਕ ਦੇ ਨੇੜੇ ਪੁੱਜੀ ਤਾਂ ਪਿਛਿਓਂ ਆ ਰਹੇ ਇਕ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਸਰਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਹਾਈਵੇ ਨਿਰਮਾਣ ਕਾਰਜ ਕਾਰਨ ਸੜਕ ਬੇਹਦ ਖਰਾਬ ਸੀ। ਟਾਇਰ ਟੋਭੇ ਵਿਚ ਪੈਣ ਦੇ ਕਾਰਨ ਐਕਟਿਵਾ ਸਵਾਰ ਲੜਕੀ ਬੇਲੈਂਸ ਖੋਹ ਬੈਠੀ। ਪਿਛੇ ਬੈਠੀ ਮਹਿਲਾ ਨਾਲ ਜਾ ਰਹੇ ਟਰੱਕ ਵੱਲ ਜਾ ਡਿੱਗੀ। ਟਰੱਕ ਦਾ ਪਿਛਲਾ ਟਾਇਰ ਉਸ ਦੇ ਸਿਰ ਨੂੰ ਕੁਚਲ ਗਿਆ। ਜਿਸ ਕਾਰਨ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਸ਼ੰਮ੍ਹਾ ਦਾ ਕਹਿਣਾ ਹੈ ਕਿ ਹਾਦਸਾ ਟਰੱਕ ਚਾਲਕ ਦੀ ਲਾਪਰਵਾਹੀ ਦੇ ਕਾਰਨ ਹੋਇਆ ਹੈ। ਟਰੱਕ ਨੇ ਐਕਟਿਵਾ ਨੂੰ ਪਿਛੇ ਹਿਟ ਕੀਤਾ। ਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਦਰੇਸੀ ਪੁਲਸ ਘਟਨਾ ਸਥਾਨ 'ਤੇ ਪੁੱਜੀ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਟਰਮ ਦੇ ਲਈ ਭੇਜਿਆ ਗਿਆ ਹੈ। ਟਰੱਕ ਨੂੰ ਜਬਤ ਕਰਕੇ ਉਸ ਦੇ ਚਾਲਕ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ।


Related News