ਸ਼੍ਰੀ ਖੁਰਾਲਗੜ ਸਾਹਿਬ ਨੂੰ ਫੋਰ ਲੇਨ ਸੜਕ ਦੀ ਮੰਗ ਪੂਰੀ ਕਰਨ ''ਚ ਫੇਲ੍ਹ ਹੋਈ ''ਆਪ'' ਸਰਕਾਰ: ਨਿਮਿਸ਼ਾ ਮਹਿਤਾ
Saturday, Feb 07, 2026 - 01:05 PM (IST)
ਗੜ੍ਹਸ਼ੰਕਰ- ਭਾਰਤੀ ਜਨਤਾ ਪਾਰਟੀ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਕਰਵਾਏ ਗਏ ਸਮਾਗਮ ਬਾਰੇ ਇਕ ਪੱਤਰਕਾਰ ਸੰਮੇਲਨ ਵਿਸ਼ੇਸ਼ ਤੌਰ 'ਤੇ ਕੀਤਾ ਗਿਆ। ਇਸ ਪੱਤਰਕਾਰ ਸੰਮੇਲਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪ੍ਰੋਗਰਾਮ ਵਿਚ ਸਿਰਫ਼ ਫੋਕੇ ਐਲਾਨ ਕੀਤੇ ਹਨ ਅਤੇ ਇਲਾਕੇ ਗੜ੍ਹਸ਼ੰਕਰ ਅਤੇ ਵਿਸ਼ੇਸ਼ ਤੌਰ 'ਤੇ ਬੀਤ ਇਲਾਕਾ ਜਿੱਥੇ ਸ਼੍ਰੀ ਖੁਰਾਲਗੜ੍ਹ ਸਾਹਿਬ ਅਤੇ ਚਰਨ ਛੋਹ ਗੰਗਾ ਤੀਰਥ ਸਥਿਤ ਹਨ, ਉਨ੍ਹਾਂ ਸਥਾਨਾਂ ਦੇ ਵਿਕਾਸ ਅਤੇ ਤਰੱਕੀ ਲਈ ਕੋਈ ਵੀ ਐਲਾਨ ਨਹੀਂ ਕੀਤਾ। ਇਥੋਂ ਤੱਕ ਕਿ ਇੰਨਾ ਵੱਡਾ ਸਰਕਾਰੀ ਸਮਾਗਮ ਕਰਕੇ ਨਾ ਕਿਸੇ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ, ਨਾ ਕਿਸੇ ਵੱਡੇ ਪ੍ਰਾਜੈਕਟ ਦਾ ਐਲਾਨ ਕੀਤਾ ਅਤੇ ਨਾ ਹੀ ਰਵਿਦਾਸੀਆ ਭਾਈਚਾਰੇ ਵਾਸਤੇ ਕੋਈ ਖ਼ਾਸ ਦੇਣ, ਦੇਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਜਲੰਧਰ: Lucky ਓਬਰਾਏ ਕਤਲ ਕਾਂਡ 'ਚ ਇਕ ਹੋਰ CCTV ਆਈ ਸਾਹਮਣੇ! ਖੁੱਲ੍ਹੇ ਵੱਡੇ ਰਾਜ਼
ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੂਰਾ ਪੰਜਾਬ ਜਾਣਦਾ ਹੈ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲਾ ਰਸਤਾ ਬੇਹੱਦ ਅਸੁਰੱਖਿਅਤ ਅਤੇ ਘੱਟ ਚੌੜ੍ਹਾ ਹੈ ਪਰ 'ਆਪ' ਸਰਕਾਰ ਨੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਇਸ ਰਸਤੇ ਨੂੰ ਚਹੁ-ਮਾਰਗੀ ਬਣਾਉਣ ਦਾ ਐਲਾਨ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਇਸ ਗੱਲ ਦੀ ਭਲੀ-ਭਾਂਤ ਜਾਣਕਾਰੀ ਹੈ ਕਿ ਸਾਲ 2022 ਮਾਰਚ ਤੋਂ ਲੈ ਕੇ ਹੁਣ ਤੱਕ ਹਰ ਸਾਲ ਸ਼੍ਰੀ ਖੁਰਾਲਗੜ੍ਹ ਸਾਹਿਬ ਜਾਂਦੇ ਅਨੇਕਾਂ ਗੱਡੀਆਂ ਦੇ ਭਿਆਨਕ ਹਾਦਸੇ ਹੋ ਜਾਂਦੇ ਹਨ ਅਤੇ 18 ਤੋਂ ਵਧੇਰੇ ਲੋਕਾਂ ਦੀਆਂ ਜਾਨਾਂ ਇਨ੍ਹਾਂ ਹਾਦਸਿਆਂ ਵਿਚ ਇਨ੍ਹਾਂ ਚਾਰ ਸਾਲਾਂ ਵਿਚ ਜਾ ਚੁੱਕੀਆਂ ਹਨ ਪਰ ਫਿਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਤੀਰਥ ਨੂੰ ਜਾਣ ਵਾਲੀ ਸੜਕ ਨੂੰ ਫੋਰ ਲੇਨ ਘੋਸ਼ਿਤ ਕਿਉਂ ਨਹੀਂ ਕੀਤਾ।
ਇਹ ਵੀ ਪੜ੍ਹੋ: 'ਆਪ' ਸਰਕਾਰ ਨੇ ਆਪ੍ਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਹੈ ਜਾਂ ਫਿਰ ਗੈਂਗਸਟਰਾਂ ਨੇ : ਸੁਖਜਿੰਦਰ ਰੰਧਾਵਾ
ਉਨ੍ਹਾਂ ਕਿਹਾ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਅਤੇ ਚਰਨ ਛੋਹ ਗੰਗਾ ਨੂੰ ਜੋ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ ਕੀਤੇ ਗਏ ਹਨ, ਉਹ ਦੋਵੇਂ ਟਿਊਬਵੈੱਲ ਤਾਂ ਇਨ੍ਹਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਸਨ ਅਤੇ ਇਕ ਟਿਊਬਵੈੱਲ ਤਾਂ ਲੱਗ ਕੇ ਚਾਲੂ ਵੀ ਹੋ ਚੁੱਕਾ ਸੀ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਅਤੇ ਟੈਂਕੀਆਂ ਲਈ 1.76 ਕਰੋੜ ਦੇ ਕੰਮਾਂ ਦਾ ਐਲਾਨ ਜੋ ਕੱਲ੍ਹ ਮੁੱਖ ਮੰਤਰੀ ਨੇ ਕੀਤਾ ਹੈ, ਉਹ ਕੰਮ ਕੇਂਦਰ ਦੀ ਮੋਦੀ ਸਰਕਾਰ ਦੇ ਪੈਸੇ ਨਾਲ ਕਰਵਾਇਆ ਗਿਆ ਹੈ, ਇਸ ਵਿਚ ਪੰਜਾਬ ਸਰਕਾਰ ਦੀ ਕੋਈ ਵੱਡੀ ਦੇਣ ਨਹੀਂ ਹੈ।
ਭਾਜਪਾ ਆਗੂ ਨੇ ਕਿਹਾ ਹੈਰਾਨੀ ਤਾਂ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਤੋਂ ਹੈ, ਜਿਸ ਨੇ ਮੁੱਖ ਮੰਤਰੀ ਕੋਲ ਨਾ ਤਾਂ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਕਸਿਤ ਕਰਨ ਦੀ ਮੰਗ ਰੱਖੀ ਅਤੇ ਨਾ ਹੀ ਇਸ ਰਸਤੇ ਵੱਲ ਜਾਣ ਵਾਲੀ ਸੜਕ ਨੂੰ ਫੋਰ ਲੇਨ ਬਣਾਉਣ ਦੀ ਮੰਗ ਰੱਖੀ ਅਤੇ ਨਾ ਇਲਾਕੇ ਦੀ ਤਰੱਕੀ ਲਈ ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਦੇ ਸਬੰਧ ਵਿਚ ਇਲਾਕੇ ਨੂੰ ਕਿਸੇ ਵੱਡੀ ਸੰਨਤ ਜਾਂ ਵਿਦਿਅਕ ਅਦਾਰੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਮੰਗਾਂ ਰੱਖਣਾ ਹਲਕਾ ਵਿਧਾਇਕ ਰੋੜੀ ਦਾ ਫਰਜ਼ ਸੀ ਪਰ ਉਹ ਆਪਣੇ ਫਰਜ਼ ਤੋਂ ਕਿਉਂ ਭੱਜੇ। ਇਸ ਗੱਲ ਦਾ ਸਪੱਸ਼ਟੀਕਰਨ ਉਹ ਖ਼ੁਦ ਗੜ੍ਹਸ਼ੰਕਰ ਦੀ ਜਨਤਾ ਨੂੰ ਦੇਣ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਸ ਤੋਂ ਇੰਝ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗੁਰੂ ਰਵਿਦਾਸ ਜੀ ਦੇ ਤੀਰਥ ਸ਼੍ਰੀ ਖੁਰਾਲਗੜ੍ਹ ਸਾਹਿਬ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਦੀਆਂ ਜਾਨਾਂ ਦੀ ਕੋਈ ਫਿਕਰ ਨਹੀਂ ਹੈ ਅਤੇ ਇਹ ਸਰਕਾਰੀ ਸਮਾਗਮ ਕਰਵਾ ਕੇ ਸਰਕਾਰ ਨੇ ਰਵਿਦਾਸੀਆ ਸਮਾਜ ਵਿਚ ਸਿਰਫ਼ ਝੂਠੀ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕਾਨੂੰਨ ਵਿਵਸਥਾ ਵਿਗੜੀ! ਲੱਕੀ ਓਬਰਾਏ ਦੇ ਕਤਲ ਦੇ ਕੁਝ ਘੰਟਿਆਂ ਮਗਰੋਂ ਜਲੰਧਰ 'ਚ ਇਕ ਹੋਰ ਵੱਡੀ ਵਾਰਦਾਤ
ਨਿਮਿਸ਼ਾ ਮਹਿਤਾ ਪਿੰਡ-ਪਿੰਡ ਜਾ ਕੇ ਮੰਗ ਪੱਤਰਾਂ ਦੇ ਕਰਵਾਏਗੀ ਦਸਤਖ਼ਤ
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਅਤੇ ਇਥੇ ਜਾਣ ਵਾਲੀ ਸੜਕ ਨੂੰ ਲੋਕਾਂ ਦੀ ਸੁਰੱਖਿਆ ਲਈ ਚਹੁ-ਮਾਰਗੀ ਕਰਵਾਉਣ ਲਈ ਹਰ ਕੋਸ਼ਿਸ਼ ਕਰਨਗੇ ਅਤੇ ਹੁਣ ਪਿੰਡ-ਪਿੰਡ ਜਾ ਕੇ ਇਸ ਸੜਕ ਨੂੰ ਚਹੁ-ਮਾਰਗੀ ਬਣਾਉਣਗੇ। ਇਸ ਦੇ ਨਾਲ ਹੀ ਨਿਮਿਸ਼ਾ ਮਹਿਤਾ ਇਸ ਸਥਾਨ ਨੂੰ ਵਿਕਸਿਤ ਕਰਵਾਉਣ ਲਈ ਮੰਗ ਪੱਤਰਾਂ 'ਤੇ ਦਸਤਖ਼ਤ ਕਰਵਾ ਕੇ ਮੁੱਖ ਮੰਤਰੀ ਨੂੰ ਭੇਜਣਗੇ ਤਾਂ ਕਿ 'ਆਪ' ਦੀ ਸਰਕਾਰ ਨੂੰ ਲੋਕਾਂ ਦੀ ਇਸ ਮੰਗ ਬਾਰੇ ਚਾਣਨ ਹੋ ਸਕੇ ਅਤੇ ਜਨਤਾ ਦੀ ਇਸ ਜ਼ਰੂਰਤ ਨੂੰ ਸਰਕਾਰ ਤੋਂ ਪੂਰਾ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਲੱਕੀ ਓਬਰਾਏ ਕਤਲ ਕਾਂਡ 'ਚ DGP ਦਾ ਵੱਡਾ ਬਿਆਨ! ISI ਨਾਲ ਜੁੜੇ ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
