ਨਹਿਰਾਂ ''ਚ ਛੱਡਿਆ ਰਸਾਇਣਕ ਯੁਕਤ ਪਾਣੀ, ਲੋਕਾਂ ਦੀ ਸਿਹਤ ਨਾਲ ਖਿਲਵਾੜ

Saturday, May 05, 2018 - 01:14 AM (IST)

ਮੰਡੀ ਅਰਨੀਵਾਲਾ(ਰਮੇਸ਼)—ਪੰਜਾਬ ਦੇ ਹਰੀਕੇ ਬੈਰਾਜ ਤੋਂ ਪੰਜਾਬ ਅਤੇ ਰਾਜਸਥਾਨ ਸੂਬਿਆਂ ਨੂੰ ਨਹਿਰਾਂ ਵਿਚ ਛੱਡਿਆ ਗਿਆ ਕਾਲਾ ਰਸਾਇਣਕ ਯੁਕਤ ਪਾਣੀ ਜਿਥੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ, ਉਥੇ ਇਹ ਪਾਣੀ ਸਰਕਾਰਾਂ ਦੇ ਸਵੱਛ ਪਾਣੀ, ਨਿਰੋਗ ਸਿਹਤ ਦੇਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਜਾਣਕਾਰੀ ਅਨੁਸਾਰ ਸਿੰਚਾਈ ਵਿਭਾਗ ਪੰਜਾਬ ਵੱਲੋਂ ਨਹਿਰਾਂ ਦੀ ਮੁਰੰਮਤ, ਸਫਾਈ ਨੂੰ ਲੈ ਕੇ ਨਹਿਰਾਂ 'ਚ ਕੀਤੀ ਗਈ ਬੰਦੀ ਤੋਂ ਬਾਅਦ ਹਾਲ ਵਿਚ ਛੱਡਿਆ ਗਿਆ ਪਾਣੀ ਜ਼ਹਿਰੀਲੇ ਕੈਮੀਕਲਾਂ ਜਿਵੇਂ ਕਿ ਫਲੋਰਾਈਡ, ਟੀ. ਡੀ. ਐੱਸ. ਆਦਿ ਤੱਤਾਂ ਨਾਲ ਭਰਪੂਰ ਹੋਣ ਕਾਰਨ ਲੋਕਾਂ ਲਈ ਵੱਡਾ ਖਤਰਾ ਹੈ। ਗੰਦਾ ਪਾਣੀ ਜੋ ਬੁੱਢੇ ਨਾਲੇ ਜ਼ਰੀਏ ਸਤਲੁਜ ਦਰਿਆ ਰਾਹੀਂ ਅੱਗੇ ਹਰੀਕੇ ਬੈਰਾਜ ਤੋਂ ਪੰਜਾਬ ਅਤੇ ਰਾਜਸਥਾਨ ਨੂੰ ਪਾਣੀ ਦੀ ਤਕਸੀਮ ਕਰਦੀਆਂ ਨਹਿਰਾਂ 'ਚ ਦਾਖਲ ਹੋ ਕੇ ਵੱਖ-ਵੱਖ ਨਹਿਰੀ ਬ੍ਰਾਂਚਾਂ ਰਾਹੀਂ ਕਿਸਾਨਾਂ ਦੇ ਖੇਤਾਂ ਅਤੇ ਪਿੰਡਾਂ ਦੇ ਜਲਘਰਾਂ 'ਚ ਪਹੁੰਚ ਰਿਹਾ ਹੈ, ਮਾਨਵ ਜਾਤੀ, ਪਸ਼ੂਆਂ, ਪੰਛੀਆਂ ਲਈ ਜਾਨਲੇਵਾ ਸਿੱਧ ਹੋ ਰਿਹਾ ਹੈ। ਸਿਹਤ ਮਾਹਿਰਾਂ ਵੱਲੋਂ ਪਿਛਲੇ ਸਮਿਆਂ ਦੌਰਾਨ ਆਪਣੀਆਂ ਪ੍ਰਯੋਗਸ਼ਾਲਾਵਾਂ ਵਿਚ ਲਏ ਗਏ ਪਾਣੀ ਦੇ ਨਮੂਨਿਆਂ 'ਚ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਮਾਲਵਾ ਖੇਤਰ 'ਚ ਵਧ ਰਹੀਆਂ ਜਾਨਲੇਵਾ ਬੀਮਾਰੀਆਂ ਜਿਵੇਂ ਕੈਂਸਰ, ਕਿਡਨੀ ਫੇਲ, ਪੀਲੀਆ, ਕਾਲਾ ਪੀਲੀਆ ਤੋਂ ਇਲਾਵਾ ਪੇਟ ਦੀਆਂ ਬੀਮਾਰੀਆਂ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਲਿਜਾ ਰਹੀਆਂ ਹਨ ਤੇ ਇਹ ਸਭ ਵਿਭਾਗੀ ਅਤੇ ਸਰਕਾਰੀ ਤੰਤਰ ਦੀ ਲਾਪ੍ਰਵਾਹੀ ਦਾ ਨਤੀਜਾ ਹੈ। ਇਥੇ ਵਰਣਨਯੋਗ ਹੈ ਕਿ 2 ਦਿਨ ਪਹਿਲਾਂ ਨਹਿਰਾਂ ਵਿਚ ਆਏ ਪਾਣੀ ਨੂੰ ਕਈ ਪਿੰਡਾਂ ਦੇ ਲੋਕਾਂ ਨੇ ਨਹਿਰੀ ਪਾਣੀ ਦੀ ਭਾਰੀ ਕਮੀ ਕਾਰਨ ਮਜਬੂਰੀ ਵਿਚ ਪਿੰਡਾਂ ਦੇ ਜਲਘਰਾਂ 'ਚ ਸਟੋਰ ਕਰ ਲਿਆ ਹੈ। 


Related News