ਰਿਸ਼ਿਕ ਨੇ ਸੂਬਾ ਪੱਧਰੀ ਵੇਟਲਿਫਟਿੰਗ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਮਗਾ
Wednesday, Dec 04, 2024 - 04:58 AM (IST)
ਖੰਨਾ (ਸੁਖਵਿੰਦਰ ਕੌਰ) - ਭਾਰਤਮ ਵਰਲਡ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ਰਿਸ਼ਿਕ ਖੁਰਾਣਾ ਨੇ ਸੂਬਾ ਪੱਧਰੀ ਵੇਟਲਿਫਟਿੰਗ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਸਕੂਲ, ਪਰਿਵਾਰ, ਕੋਚ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ । ਇਹ ਮੁਕਾਬਲਾ ਬਠਿੰਡਾ ਵਿਖੇ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਖਿਡਾਰੀਆਂ ਨੇ ਭਾਗ ਲਿਆ।
ਰਿਸ਼ਿਕ ਨੇ ਅੰਡਰ-17 ਮੁਕਾਬਲੇ ਵਿਚ ਭਾਗ ਲਿਆ ਅਤੇ ਕੁੱਲ 400 ਕਿਲੋ ਭਾਰ ਚੁੱਕਿਆ। ਇਸ ਦੇ ਨਾਲ ਉਸ ਨੇ ਲੁਧਿਆਣਾ ਵਿਖੇ ਹੋਈ ਪੰਜਾਬ ਸਟੇਟ ਰਾਅ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਵਿਚ 2 ਸੋਨ ਤਮਗੇ ਜਿੱਤੇ। ਰਿਸ਼ਿਕ ਦਾ ਪ੍ਰਦਰਸ਼ਨ ਕਾਫੀ ਮੁਕਾਬਲੇ ਵਾਲਾ ਰਿਹਾ ਅਤੇ ਉਸ ਨੇ ਵਿਰੋਧੀਆਂ ਨੂੰ ਹਰਾ ਕੇ ਚਾਂਦੀ ਦਾ ਤਮਗਾ ਜਿੱਤਿਆ।
ਰਿਸ਼ਿਕ ਦੀ ਜਿੱਤ ’ਤੇ ਖੰਨਾ ਵਿਚ ਜਸ਼ਨ ਦਾ ਮਾਹੌਲ ਹੈ। ਉਸ ਦੀ ਪ੍ਰਾਪਤੀ ਤੋਂ ਪ੍ਰੇਰਿਤ ਹੋ ਕੇ ਸਕੂਲ ਦੇ ਹੋਰ ਵਿਦਿਆਰਥੀ ਵੀ ਖੇਡਾਂ ਵਿਚ ਦਿਲਚਸਪੀ ਦਿਖਾ ਰਹੇ ਹਨ। ਸਿੱਖਿਆ ਸਲਾਹਕਾਰ ਪੀ. ਕੇ. ਅਰੋੜਾ ਨੇ ਕਿਹਾ ਕਿ ਇਹ ਸਾਡੇ ਸਕੂਲ ਲਈ ਮਾਣ ਵਾਲੀ ਗੱਲ ਹੈ। ਰਿਸ਼ਿਕ ਦੀ ਇਹ ਪ੍ਰਾਪਤੀ ਹੋਰ ਵਿਦਿਆਰਥੀਆਂ ਨੂੰ ਪ੍ਰੇਰਿਤ ਕਰੇਗੀ।
ਪ੍ਰਿੰਸੀਪਲ ਸਰਵਪ੍ਰੀਤ ਕੌਰ ਨੇ ਰਿਸ਼ਿਕ ਨੂੰ ਉਸ ਦੀ ਸਫ਼ਲਤਾ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਸਫ਼ਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਸੇਧ ਅਤੇ ਸਖ਼ਤ ਮਿਹਨਤ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਉਸ ਦੀ ਇਹ ਪ੍ਰਾਪਤੀ ਖੇਡ ਜਗਤ ਵਿਚ ਉਸ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ ਹੈ ਅਤੇ ਸਮੁੱਚੇ ਖੰਨਾ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਹ ਸਫਲਤਾ ਸਾਰੇ ਵਿਦਿਆਰਥੀਆਂ ਲਈ ਪ੍ਰੇਰਣਾ ਸ੍ਰੋਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਗਨ ਅਤੇ ਮਿਹਨਤ ਨਾਲ ਸਹੀ ਦਿਸ਼ਾ ਵਿਚ ਕੰਮ ਕਰਨ ਨਾਲ ਵੱਡੇ ਤੋਂ ਵੱਡੇ ਟੀਚੇ ਵੀ ਹਾਸਲ ਕੀਤੇ ਜਾ ਸਕਦੇ ਹਨ।