ਹੁਣ ਚੌਲ ਮਿੱਲ ਮਾਲਕਾਂ ਨੂੰ ਖੁਰਾਕ ਸਪਲਾਈ ਦਫ਼ਤਰ ਜਾਣ ਦੀ ਲੋੜ ਨਹੀਂ, ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ:ਆਸ਼ੂ
Friday, Jul 24, 2020 - 06:15 PM (IST)

ਚੰਡੀਗੜ੍ਹ: ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਸਮੂਹ ਚੌਲ ਮਿੱਲਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਰਜਿਸਟ੍ਰੇਸ਼ਨ ਨਾਲ ਸਬੰਧਤ ਕਿਸੇ ਵੀ ਕੰਮ ਲਈ ਕਿਸੇ ਜ਼ਿਲ੍ਹਾ ਅਤੇ ਫੀਲਡ ਦਫ਼ਤਰ ਆਉਣ ਦੀ ਖੇਚਲ ਨਾ ਕਰਨ। ਵਿਭਾਗ ਨੇ ਚੌਲ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ https://anaajkharid.in ਪੋਰਟਲ 'ਤੇ ਵਿਸਥਾਰਤ ਪ੍ਰਬੰਧ ਕੀਤੇ ਹਨ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਰਾਜ ਮਾਤਾ ਦੀ ਬਰਸੀ ਮੌਕੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਵਿਭਾਗ ਨੇ https://anaajkharid.in ਪੋਰਟਲ 'ਤੇ ਚੌਲ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ ਪ੍ਰਬੰਧ ਕੀਤੇ ਹਨ।ਉਨ੍ਹਾਂ ਕਿਹਾ ਕਿ ਮਿੱਲਰਾਂ ਨੂੰ ਨਵੀਂ ਰਾਈਸ ਮਿੱਲ ਦੀ ਆਨਲਾਈਨ ਰਜਿਸਟਰੇਸ਼ਨ, ਮੌਜੂਦਾ ਰਾਈਸ ਮਿੱਲ ਦੀ ਸਮਰੱਥਾ ਵਧਾਉਣ, ਰਾਈਸ ਮਿੱਲ ਦੀ ਭਾਈਵਾਲੀ/ਸੰਗਠਨ ਦੀ ਤਬਦੀਲੀ ਦੇ ਮਾਮਲੇ 'ਚ ਡੀ ਨੋਵੋ ਰਜਿਸਟ੍ਰੇਸ਼ਨ, ਲੀਜ਼ ਰਾਈਸ ਮਿਲਜ਼ ਦੀ ਰਜਿਸਟ੍ਰੇਸ਼ਨ., ਸੀ.ਐੱਮ.ਆਰ. ਸਕਿਊਰਿਟੀ ਜਮ੍ਹਾ ਕਰਵਾਉਣ, ਲੇਵੀ ਸਕਿਊਰਿਟੀ ਜਮ੍ਹਾ ਕਰਾਉਣ, ਰਿਲੀਜ਼ ਆਰਡਰ ਜਾਰੀ ਕਰਨ ਲਈ ਬਿਨੈ-ਪੱਤਰ ਅਤੇ ਨਾ-ਵਾਪਸੀਯੋਗ ਆਰ.ਓ. ਫੀਸ ਜਮ੍ਹਾ ਕਰਵਾਉਣ ਅਤੇ ਹੋਰ ਕੰਮ ਕਰਵਾਉਣ ਲਈ ਕਿਸੇ ਵੀ ਖੇਤਰ ਜਾਂ ਜ਼ਿਲ੍ਹਾ ਦਫ਼ਤਰ ਆਉਣ ਦੀ ਲੋੜ ਨਹੀਂ।
ਇਹ ਵੀ ਪੜ੍ਹੋ: ਬੇਰੁਜ਼ਗਾਰੀ ਦੀ ਸਿਖ਼ਰ: ਕਰਜ਼ਦਾਰ ਮਜ਼ਦੂਰ ਨੇ ਮੋਦੀ ਅਤੇ ਕੈਪਟਨ ਤੋਂ ਮੰਗੀ 'ਕਿਡਨੀ' ਵੇਚਣ ਦੀ ਇਜਾਜ਼ਤ (ਵੀਡੀਓ)
ਆਸ਼ੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੀਆਂ ਮਿੱਲਾਂ ਪਹਿਲਾਂ ਹੀ ਵਿਭਾਗ ਕੋਲ ਰਜਿਸਟਰ ਹਨ, ਉਹ ਆਪਣੇ ਆਪ ਹੀ ਪੋਰਟਲ 'ਤੇ ਪ੍ਰਦਰਸ਼ਿਤ ਹੋਣਗੀਆਂ। ਉਨ੍ਹਾਂ ਨੂੰ ਸਬੰਧਤ ਡੀ.ਐਫ.ਐਸ.ਸੀ.ਐਸ. ਵੱਲੋਂ ਆਪਣੀ ਲਾਗ ਇਨ ਆਈ ਡੀ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਜੀ.ਪੀ.ਐੱਸ. ਕੋਆਰਡੀਨੇਟ ਸਬੰਧਤ ਡੀ.ਐਫ.ਐਸ.ਸੀ. ਦਫਤਰ ਵਲੋਂ ਪੋਰਟਲ 'ਤੇ ਅਪਲੋਡ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵਲੋਂ ਪੋਰਟਲ ਸਬੰਧੀ ਸਵਾਲਾਂ ਦੇ ਹੱਲ ਲਈ ਹੈਲਪਲਾਈਨ ਵੀ ਸਥਾਪਿਤ ਕੀਤੀ ਗਈ ਹੈ ਅਤੇ ਮਿੱਲਰ ਈ-ਮੇਲ ਆਈਡੀ anaajkharidpb@gmail.com ਅਤੇ ਕਿਸੇ ਵੀ ਕੰਮਕਾਜੀ ਦਿਨ ਮੋਬਾਈਲ ਨੰਬਰ: 7743011156, 7743011157 ਜਾਂ 7743011154 'ਤੇ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਸੰਪਰਕ ਕਰ ਸਕਦੇ ਹਨ।