ਮਾਲ ਮਹਿਕਮੇ ਨੂੰ ਨਿੱਜੀ ਕੰਪਨੀ ਨੇ ਲਾਇਆ ਕਰੋੜਾਂ ਦਾ ਚੂਨਾ, ਪਲਾਟਾਂ ਨੂੰ ਕਾਗਜ਼ਾਂ ''ਚ ਬਣਾਇਆ ਵਾਹੀਯੋਗ ਜ਼ਮੀਨਾਂ
Tuesday, Oct 06, 2020 - 05:59 PM (IST)
ਅੰਮ੍ਰਿਤਸਰ (ਅਨਜਾਣ): ਉੱਘੇ ਸਮਾਜ ਸੇਵੀ ਅਤੇ ਆਰ.ਟੀ.ਆਈ. ਐਕਟੀਵਿਸਟ ਜਗਰੂਪ ਸਿੰਘ ਨੇ ਮਾਲ ਵਿਭਾਗ ਨੂੰ ਮਾਨਾਂਵਾਲਾ ਸਥਿਤ ਇਕ ਨਿੱਜੀ ਕੰਪਨੀ ਵਲੋਂ ਕਲੋਨੀ 'ਚ ਕੱਟੇ ਗਏ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਸਮੇਂ ਚੂਨਾ ਲਗਾਉਣ ਦਾ ਖੁਲਾਸਾ ਕੀਤਾ ਹੈ। ਜਿਸ 'ਚ ਜਗਰੂਪ ਸਿੰਘ ਨੇ ਪ੍ਰੈੱਸ ਵਾਰਤਾ ਦੌਰਾਨ ਵਿਭਾਗ ਦੀ ਵੀ ਮਿਲੀਭੁਗਤ ਦੇ ਦੋਸ਼ ਲਗਾਏ ਹਨ। ਇਸੇ ਬਾਬਤ ਜਗਰੂਪ ਸਿੰਘ ਵਲੋਂ ਡਿਪਟੀ ਕਮਿਸ਼ਨਰ ਦਫਤਰ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਜਾਂਚ ਦੀ ਮੰਗ ਕੀਤੀ ਗਈ ਹੈ। ਡੀ.ਸੀ. ਦਫਤਰ ਵਲੋਂ ਸ਼ਿਕਾਇਤ ਨੂੰ (ਈ/963224 ਮਿਤੀ 05-10-2020) ਨੰਬਰ ਲਗਾਇਆ ਗਿਆ ਹੈ। ਸ਼ਿਕਾਇਤ 'ਚ ਨਿੱਜੀ ਕਲੌਨੀ ਦਾ ਨਾਂ ਲਿਖ਼ਤ 'ਚ ਦਿੰਦਿਆਂ ਜ਼ਮੀਨਾਂ ਸਬੰਧੀ ਸਾਰਾ ਵੇਰਵਾ ਦਿੱਤਾ ਗਿਆ ਹੈ ਅਤੇ ਖੁਲਾਸਾ ਕੀਤਾ ਗਿਆ ਹੈ ਕਿ ਇਹ ਰਜਿਸਟਰੀਆਂ 18-9-2020 ਨੂੰ ਅੰਮ੍ਰਿਤਸਰ ਤਹਿਸੀਲ ਵਿਚ ਭੁਗਤਾਈਆਂ ਗਈਆਂ ਹਨ ਅਤੇ ਇਨ੍ਹਾਂ ਰਜਿਸਟਰੀਆਂ 'ਚ ਅਸ਼ਟਾਮਾਂ ਦੀ ਰਾਸ਼ੀ ਬਚਾਉਣ ਲਈ ਪਲਾਟਾਂ ਵਾਲੀਆਂ ਜ਼ਮੀਨਾਂ ਨੂੰ ਵਾਹੀ ਯੋਗ ਜ਼ਮੀਨਾਂ ਦੱਸਦਿਆਂ ਰਜਿਸਟਰੀਆਂ ਕੀਤੀਆਂ ਗਈਆਂ ਹਨ। ਜਗਰੂਪ ਸਿੰਘ ਦਾ ਦੋਸ਼ ਹੈ ਕਿ ਇਸ ਘੋਟਾਲੇ ਵਿਚ ਕਰੋੜਾਂ ਦਾ ਘਪਲਾ ਹੋਣ ਦਾ ਖਦਸ਼ਾ ਹੈ। ਇਸ ਲਈ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਵੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸ਼ਹੀਦ ਹੋਏ ਫ਼ੌਜੀ ਜਵਾਨ ਦਾ ਪਰਿਵਾਰ ਸਦਮੇ 'ਚ, ਸਰਕਾਰ ਤੋਂ ਕੀਤੀ ਇਨਸਾਫ਼ ਦੀ ਮੰਗ
ਦੋਸ਼ੀ ਪਾਏ ਜਾਣ 'ਤੇ ਹੋਵੇਗੀ ਕਾਰਵਾਈ: ਗੋਰਾਇਆਂ
ਇਸ ਬਾਬਤ ਜਦੋਂ ਸਬ-ਰਜਿਸਟਰਾਰ ਪਰਮਪ੍ਰੀਤ ਸਿੰਘ ਗੋਰਾਇਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਜਿਸਟਰੀਆਂ ਭੁਗਤਾਨ ਵੇਲੇ ਸਾਫ਼ ਕੀਤਾ ਜਾਂਦਾ ਹੈ ਕਿ ਵਿਕਰੇਤਾ ਜਾਂ ਖਰੀਦਦਾਰ ਵੱਲੋਂ ਜੇਕਰ ਕੋਈ ਵੀ ਗਲਤ ਦਸਤਾਵੇਜ਼ ਲਗਾਏ ਜਾਂਦੇ ਹਨ ਤਾਂ ਉਸ ਉੱਪਰ ਬਣਦੀ ਕਾਰਵਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ 'ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ : ਡਰਾ-ਧਮਕਾ ਕੇ ਨਾਬਾਲਗਾ ਨਾਲ 8 ਸਾਲ ਤੱਕ ਕਰਦਾ ਰਿਹਾ ਜਬਰ-ਜ਼ਿਨਾਹ