ਵਾਹਗਾ ਤੇ ਹੁਸੈਨੀਵਾਲਾ ਬਾਰਡਰ ''ਤੇ ਦਰਸ਼ਕਾਂ ਨੇ ਚੁੱਕੀ ਵੱਖਰੀ ਸਹੁੰ

Wednesday, Sep 20, 2017 - 07:30 AM (IST)

ਵਾਹਗਾ ਤੇ ਹੁਸੈਨੀਵਾਲਾ ਬਾਰਡਰ ''ਤੇ ਦਰਸ਼ਕਾਂ ਨੇ ਚੁੱਕੀ ਵੱਖਰੀ ਸਹੁੰ

ਜਲੰਧਰ  (ਧਵਨ) - ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸਥਿਤ  ਭਾਰਤ-ਪਾਕਿ ਬਾਰਡਰ 'ਤੇ ਰਿਟਰੀਟ ਸੈਰੇਮਨੀ ਦੇਖਣ ਲਈ ਰੋਜ਼ਾਨਾ ਆ ਰਹੇ ਦਰਸ਼ਕਾਂ ਵਲੋਂ ਹੁਣ ਵੱਖਰੀ ਸਹੁੰ ਵੀ ਲਈ ਜਾ ਰਹੀ ਹੈ। ਇਹ ਦਰਸ਼ਕ ਵੱਖ-ਵੱਖ ਸੂਬਿਆਂ ਤੋਂ ਰਿਟਰੀਟ ਸੈਰੇਮਨੀ ਦੇਖਣ ਲਈ ਆਉਂਦੇ ਹਨ। ਦਰਸ਼ਕਾਂ ਵਲੋਂ ਸਰਹੱਦ ਨੇੜੇ ਖੜ੍ਹੇ ਹੋ ਕੇ ਸਹੁੰ ਚੁੱਕੀ ਜਾ ਰਹੀ ਹੈ ਕਿ ਉਹ ਦੇਸ਼ ਦੀ ਤਰੱਕੀ ਵਿਚ ਰੁਕਾਵਟ ਬਣਨ ਵਾਲੇ ਅਨਸਰਾਂ ਤੋਂ ਛੁਟਕਾਰਾ ਦਿਵਾਉਣਗੇ। ਪਹਿਲੀ ਸਹੁੰ 23 ਅਗਸਤ ਨੂੰ ਅਟਾਰੀ-ਵਾਹਗਾ ਜੁਆਇੰਟ ਚੈੱਕ ਪੋਸਟ 'ਤੇ ਲਈ ਗਈ ਸੀ ਜਦਕਿ 10 ਸਤੰਬਰ ਨੂੰ ਅਜਿਹੀ ਸਹੁੰ ਫਿਰੋਜ਼ਪੁਰ ਜ਼ਿਲੇ 'ਚ ਪੈਂਦੇ ਹੁਸੈਨੀਵਾਲਾ ਬਾਰਡਰ 'ਤੇ ਲਈ ਗਈ। ਅਟਾਰੀ ਬਾਰਡਰ 'ਤੇ ਉਸ ਦਿਨ 15 ਹਜ਼ਾਰ ਤਕ ਅਤੇ ਹੁਸੈਨੀਵਾਲਾ ਬਾਰਡਰ 'ਤੇ 5 ਹਜ਼ਾਰ ਲੋਕ ਹਾਜ਼ਰ ਸਨ।
ਦਰਸ਼ਕਾਂ ਨੇ ਭਾਰਤ ਨੂੰ ਅੱਤਵਾਦ ਤੋਂ ਮੁਕਤ ਬਣਾਉਣ, ਫਿਰਕੂ ਤਣਾਅ ਅਤੇ ਗਰੀਬੀ ਨੂੰ ਖਤਮ ਕਰਨ ਦੀ ਵੀ ਸਹੁੰ ਚੁੱਕੀ। ਲੋਕ ਹੁਣ ਦੇਸ਼ ਨੂੰ ਸਵੱਛ ਰੱਖਣ ਦੀ ਵੀ ਸਹੁੰ ਲੈ ਰਹੇ ਹਨ। ਬੀ. ਐੱਸ.ਐੱਫ. ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਮੁਕੁਲ ਗੋਇਲ ਨੇ ਰਿਟਰੀਟ ਸੈਰੇਮਨੀ ਦੇਖਣ ਲਈ ਆ ਰਹੇ ਦਰਸ਼ਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਦਰਸ਼ਕ ਫੋਰਸ ਦਾ ਹੌਸਲਾ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਾਂ। ਕੁਝ ਦਰਸ਼ਕਾਂ ਨੇ ਵੀ ਪਿਛਲੇ ਦਿਨੀਂ ਦੋਵਾਂ ਸਰਹੱਦਾਂ ਨੇੜੇ ਦਿਵਾਈ ਗਈ ਸਹੁੰ ਦੇ ਤਜਰਬੇ ਨੂੰ ਸ਼ਲਾਘਾਯੋਗ ਦੱਸਿਆ।


Related News