ਭਾਰਤ-ਪਾਕ ਸਰਹੱਦ ''ਤੇ ਭਾਰਤੀ ਮੁਸਲਮਾਨਾਂ ਦੀ ਦੇਸ਼ ਭਗਤੀ ਦੇਖ ਪਾਕਿਸਤਾਨੀ ਹੈਰਾਨ
Friday, Sep 11, 2026 - 03:29 PM (IST)
ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੀ ਭਾਰਤ-ਪਾਕ ਸੀਮਾ ਦੀ ਚੌਂਕੀ 'ਤੇ ਦੋਵਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਰਿਟਰੀਟ ਸੈਰੇਮਨੀ ਦੇਖਣ ਫੈਜ਼ਾਨ-ਏ-ਮਦੀਨਾ ਜਾਮਾ ਮਸਜਿਦ ਸੁੰਨੀ ਬਰੇਲਵੀ ਸੁਸਾਇਟੀ ਦੀ ਟੀਮ ਅੱਜ ਬਾਰਡਰ 'ਤੇ ਪਹੁੰਚੀ। ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਸੀਮਾ 'ਤੇ ਖੇਤਰ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਟੀਮ ਦਾ ਭਰਵਾਂ ਸਵਾਗਤ ਕੀਤਾ। ਇਸ ਟੀਮ ਦੀ ਅਗਵਾਈ ਸ਼ਹਿਜ਼ਾਦਾ ਏ ਹੁਜ਼ੂਰ ਮੁਫਤੀ ਏ ਆਜ਼ਮ ਰਾਜਸਥਾਨ ਹਜ਼ਰਤ ਹਾਜੀ ਮੋਈਨ ਅਹਿਮਦ ਸਾਹਿਬ ਕਿਬਲਾ ਇੰਡੀਆ ਸੁੰਨੀ ਜਮਾਤ ਦੇ ਸਦਰ ਕਰ ਰਹੇ ਸਨ।
ਉਨ੍ਹਾਂ ਦੇ ਨਾਲ ਨਵਾਸਾ-ਏ-ਰਸੂਲ (ਸਰਪ੍ਰਸਤ: ਫੈਜ਼ਾਨੇ ਮਦੀਨਾ ਮਸਜਿਦ ਸੁੰਨੀ ਬਰੇਲਵੀ ਸੁਸਾਇਟੀ) ਦੇ ਸਦਰ ਪੀਰ ਸਈਦ ਕਮਰੂਦੀਨ ਚਿਸ਼ਤੀ ਬਾਬੁਖਾਰੀ ਨੇ ਰਿਟਰੀਟ ਸੈਰੇਮਨੀ ਦੇਖਣ ਤੋਂ ਬਾਅਦ ਦੇਸ਼ ਭਗਤੀ ਦਾ ਜਜ਼ਬਾ ਦਿਖਾਉਂਦਿਆਂ ਹਿੰਦੁਸਤਾਨ ਜ਼ਿੰਦਾਬਾਦ, ਭਾਰਤ ਜ਼ਿੰਦਾਬਾਦ ਦੇ ਜੈਕਾਰਿਆਂ ਨਾਲ ਸਰਹੱਦ ਨੂੰ ਗੂੰਜਮਾਨ ਕਰ ਦਿੱਤਾ। ਉਨ੍ਹਾਂ ਦੀ ਇਹ ਦੇਸ਼ ਭਗਤੀ ਦੇਖ ਪਾਕਿਸਤਾਨੀ ਸਰਹੱਦ ''ਤੇ ਖੜ੍ਹੇ ਦਰਸ਼ਕਾਂ ਨੇ ਦੰਦਾਂ ਹੇਠਾਂ ਉਂਗਲਾਂ ਦੱਬ ਲਈਆਂ। ਮੁਸਲਿਮ ਧਰਮ ਨਾਲ ਸਬੰਧਿਤ ਇਸ ਟੀਮ ਨੇ ਮਿਲ ਕੇ ਦੇਸ਼ ਵਿੱਚ ਅਮਨ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀਆਂ ਦੁਆਵਾਂ ਕੀਤੀਆਂ। ਸਭ ਨੇ ਬੀ. ਐੱਸ. ਐੱਫ. ਅਧਿਕਾਰੀਆਂ ਤੇ ਜਵਾਨਾਂ ਵੱਲੋਂ ਸਰਹੱਦ 'ਤੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
