ਪੰਜਾਬ ਸਰਕਾਰ ਵੱਲੋਂ ਕੱਢੇ ਸੇਵਾਮੁਕਤ ਡਾਕਟਰ ਮੁੜ ਰੱਖਣ ਦੇ ਨਿਰਦੇਸ਼
Saturday, May 01, 2021 - 10:26 AM (IST)
ਪਟਿਆਲਾ (ਜ. ਬ.) : ਪੰਜਾਬ ਸਰਕਾਰ ਵੱਲੋਂ ਕੋਰੋਨਾ ਸੰਕਟ ਹੋਣ ਦੇ ਬਾਵਜੂਦ ਐੱਨ. ਆਰ. ਐੱਮ. ਐੱਚ. ਤਹਿਤ ਕੰਮ ਕਰਦੇ ਸੇਵਾਮੁਕਤ ਡਾਕਟਰਾਂ ਨੂੰ ਇਸੇ ਅਪ੍ਰੈਲ ਮਹੀਨੇ ’ਚ ਕੱਢ ਦਿੱਤਾ ਗਿਆ ਸੀ। ਹੁਣ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਸਥਿਤੀ ਦੀ ਸਮੀਖਿਆ ਕਰਦਿਆਂ ਸੇਵਾਮੁਕਤ ਡਾਕਟਰਾਂ, ਨਰਸਾਂ ਤੇ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਦੀਆਂ ਸੇਵਾਵਾਂ ਲੈਣ ਦੇ ਨਿਰਦੇਸ਼ ਮੁੱਖ ਸਕੱਤਰ ਨੂੰ ਦਿੱਤੇ ਹਨ। ਇਸ ਤੋਂ ਸਿਹਤ ਜਗਤ ਦੇ ਮਾਹਿਰ ਇਹ ਨਹੀਂ ਸਮਝ ਪਾ ਰਹੇ ਕਿ ਸਰਕਾਰ ਕਿਸ ਸਟੈਂਡ ਨੂੰ ਸਹੀ ਸਮਝ ਰਹੀ ਹੈ।
ਜਾਣਕਾਰੀ ਮੁਤਾਬਕ ਸਿਹਤ ਤੇ ਪਰਿਵਾਰ ਭਲਾਈ ਵਿਭਾਗ ’ਚ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ ਵੱਲੋਂ 7 ਅਪ੍ਰੈਲ ਨੂੰ ਸਮੂਹ ਸਿਵਲ ਸਰਜਨਾਂ ਨੂੰ ਇਕ ਪੱਤਰ ਲਿਖ ਕੇ 65 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਮਾਹਿਰ ਡਾਕਟਰਾਂ ਤੇ ਮੈਡੀਕਲ ਅਫ਼ਸਰਾਂ ਮਤਲਬ ਕਿ ਐੱਮ. ਬੀ. ਬੀ. ਐੱਸ. ਡਾਕਟਰਾਂ ਨੂੰ ਤੁਰੰਤ ਫਾਰਗ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ ਪੱਤਰ ’ਚ ਲਿਖਿਆ ਗਿਆ ਸੀ ਕਿ ਸਿਵਲ ਸਰਜਨ ਆਪਣੇ ਜ਼ਿਲ੍ਹੇ ’ਚ 65 ਸਾਲ ਤੋਂ ਜ਼ਿਆਦਾ ਉਮਰ ਵਾਲੇ ਮਾਹਿਰ ਡਾਕਟਰ ਅਤੇ ਮੈਡੀਕਲ ਅਫਸਰਾਂ ਨੂੰ ਐੱਨ. ਆਰ. ਐੱਚ. ਐੱਮ. ’ਚ ਠੇਕੇ ’ਤੇ ਸੇਵਾਵਾਂ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਤੁਰੰਤ ਸੇਵਾਵਾਂ ਤੋਂ ਕੱਢ ਦਿੱਤਾ ਜਾਵੇ।
ਇਹ ਵੀ ਕਿਹਾ ਗਿਆ ਸੀ ਕਿ ਜਿਹਡ਼ੇ ਮਾਹਿਰ ਡਾਕਟਰਾਂ ਤੇ ਮੈਡੀਕਲ ਅਫ਼ਸਰਾਂ ਦੀ ਉਮਰ 65 ਸਾਲ ਹੋ ਗਈ ਹੈ, ਉਨ੍ਹਾਂ ਨੂੰ ਇਸੇ ਮਹੀਨੇ ਫਾਰਗ ਕੀਤਾ ਜਾਣਾ ਹੈ। ਇਸ ਲਈ ਉਨ੍ਹਾਂ ਨੂੰ ਨੋਟਿਸ ਦੇ ਕੇ ਤੁਰੰਤ ਫ਼ਾਰਗ ਕੀਤਾ ਜਾਵੇ। ਇਕ ਹੋਰ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹ ਪੱਤਰ ਭਾਵੇਂ 7 ਅਪ੍ਰੈਲ ਨੂੰ ਲਿਖਿਆ ਗਿਆ ਸੀ ਪਰ ਕੁੱਝ ਜ਼ਿਲ੍ਹਿਆਂ ’ਚ ਅਜਿਹੇ ਮਾਹਿਰ ਡਾਕਟਰਾਂ ਤੇ ਮੈਡੀਕਲ ਅਫ਼ਸਰਾਂ ਨੂੰ 31 ਮਾਰਚ ਨੂੰ ਹੀ ਨੋਟਿਸ ਦੇ ਕੇ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ।
ਇਹ ਕਾਰਵਾਈ ਉਦੋਂ ਕੀਤੀ ਗਈ, ਜਦੋਂ ਕੋਰੋਨਾ ਸਿਖ਼ਰਾਂ ਵੱਲ ਨੂੰ ਵੱਧ ਰਿਹਾ ਸੀ। ਹੁਣ ਮੁੱਖ ਮੰਤਰੀ ਨੇ ਆਪਣੀ ਮੀਟਿੰਗ ’ਚ ਸੇਵਾਮੁਕਤ ਡਾਕਟਰਾਂ, ਨਰਸਾਂ ਤੇ ਐੱਮ. ਬੀ. ਬੀ. ਐੱਸ. ਦੇ ਫਾਈਨਲ ਈਅਰ ਦੇ ਵਿਦਿਆਰਥੀਆਂ ਨੂੰ ਕੋਰੋਨਾ ਨਾਲ ਨਜਿੱਠਣ ’ਚ ਨਾਲ ਲਗਾਉਣ ਬਾਰੇ ਹਦਾਇਤ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐੱਲ-2 ਅਤੇ ਐੱਲ-3 ਸਟੇਜ ਦੇ ਕੰਮਾਂ ’ਚ ਇਨਾਂ ਲੋਕਾਂ ਨੂੰ ਲਾਇਆ ਜਾਵੇ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਨਵੇਂ ਹੁਕਮ ਕੀ ਆਉਂਦੇ ਹਨ।