5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ''ਤੇ ਪਾਬੰਦੀ, ਧਾਰਾ 144 ਲਾਗੂ

08/25/2017 7:04:22 AM

ਸੁਲਤਾਨਪੁਰ ਲੋਧੀ, (ਧੀਰ, ਸੋਢੀ)- ਡੇਰਾ ਸਿਰਸਾ ਮੁੱਖੀ ਦੇ ਮਾਮਲੇ ਨੂੰ ਲੈ ਕੇ 25 ਅਗਸਤ ਨੂੰ ਆਉਣ ਵਾਲੇ ਸੀ. ਬੀ. ਆਈ. ਕੋਰਟ ਦੇ ਫੈਸਲੇ ਕਾਰਨ ਪੂਰੇ ਪੰਜਾਬ 'ਚ ਹਾਈ ਅਲਰਟ ਜਾਰੀ ਕੀਤੇ ਗਏ ਹਨ। ਜ਼ਿਲਾ ਪ੍ਰਸ਼ਾਸਨ ਨੇ ਵੀ ਇਸ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਣ ਦੇ ਹੁਕਮਾਂ ਤਹਿਤ ਅੱਜ ਸੁਲਤਾਨਪੁਰ ਲੋਧੀ ਪ੍ਰਸ਼ਾਸਨ ਵਲੋਂ ਐੱਸ. ਡੀ. ਐੱਮ. ਡਾ. ਚਾਰੂਮਿਤਾ ਦੀ ਅਗਵਾਈ ਹੇਠ ਥਾਣਾ ਸੁਲਤਾਨਪੁਰ ਲੋਧੀ ਤੋਂ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ, ਐੱਸ. ਐੱਚ. ਓ. ਸਰਬਜੀਤ ਸਿੰਘ ਦੇ ਨਾਲ ਵੱਡੀ ਗਿਣਤੀ 'ਚ ਪੁਲਸ ਫੋਰਸ ਨੂੰ ਲੈ ਕੇ ਫਲੈਗ ਮਾਰਚ ਕੱਢਿਆ।
ਇਸ ਮੌਕੇ ਗੱਲਬਾਤ ਕਰਦਿਆਂ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਨੇ ਕਿਹਾ ਕਿ ਹਰ ਹਾਲਤ 'ਚ ਅਮਨ-ਸ਼ਾਂਤੀ ਬਹਾਲ ਰੱਖੀ ਜਾਵੇਗੀ ਤੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਹਲਕੇ 'ਚ ਵੀ ਧਾਰਾ 144 ਲਾਗੂ ਹੈ ਜਿਸ ਦੌਰਾਨ ਕਿਸੇ ਨੂੰ ਵੀ ਜਲੂਸ ਕੱਢਣ, ਨਾਅਰੇ ਲਗਾਉਣ ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਤੇ ਹਰ ਹਾਲਤ 'ਚ ਆਪਸੀ ਭਾਈਚਾਰੇ ਨੂੰ ਬਣਾ ਕੇ ਰੱਖਣ। ਉਨ੍ਹਾਂ ਅਪੀਲ ਕੀਤੀ ਕਿ ਸ਼ੋਸ਼ਲ ਮੀਡੀਆ 'ਤੇ ਵੀ ਅਫਵਾਹਾਂ ਨਾ ਫੈਲਾਈਆਂ ਜਾਣ। ਉਨ੍ਹਾਂ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਅਹਿਤਿਆਤ ਵਜੋਂ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਅੱਜ 25 ਅਗਸਤ ਨੂੰ ਸਾਰੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹੋਏ ਹਨ।
ਇਸ ਮੌਕੇ ਐੱਸ. ਐੱਚ. ਓ. ਸਰਬਜੀਤ ਸਿੰਘ. ਐੱਸ. ਐੱਚ. ਓ. ਜੋਗਿੰਦਰ ਸਿੰਘ, ਐੱਸ. ਐੱਚ. ਓ. ਸਵਰਨ ਸਿੰਘ, ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ, ਏ. ਐੱਸ. ਆਈ. ਅਮਰਜੀਤ ਸਿੰਘ, ਏ. ਐੱਸ. ਆਈ. ਦਿਲਬਾਗ ਸਿੰਘ, ਏ. ਐੱਸ. ਆਈ. ਹਰਜੀਤ ਸਿੰਘ, ਐੱਚ. ਸੀ. ਹਰੀਸ਼ ਕੁਮਾਰ, ਐੱਚ. ਸੀ. ਕੁਲਦੀਪ ਸਿੰਘ ਆਦਿ ਵੱਡੀ ਗਿਣਤੀ 'ਚ ਮਹਿਲਾ ਪੁਲਸ ਫੋਰਸ ਹਾਜ਼ਰ ਸੀ।


Related News