ਵਿਸ਼ਵ ਦੇ ਨਕਸ਼ੇ ’ਤੇ ਆਵੇਗਾ ਬਠਿੰਡਾ ਸ਼ਹਿਰ! ਡਰੱਗ ਪਾਰਕ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਣਾਈ ਵੱਡੀ ਯੋਜਨਾ
Thursday, Sep 29, 2022 - 02:36 PM (IST)

ਬਠਿੰਡਾ (ਵਰਮਾ) : ਪੰਜਾਬ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਨੂੰ ਵਿਸ਼ਵ ਦੇ ਨਕਸ਼ੇ ’ਤੇ ਲਿਆਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਥਰਮਲ ਪਲਾਂਟ ਦੀ ਜ਼ਮੀਨ ’ਤੇ ਉਸਾਰੇ ਜਾ ਰਹੇ ਡਰੱਗ ਪਾਰਕ ਨੂੰ ਖ਼ਤਮ ਕਰ ਕੇ ਰਿਹਾਇਸ਼ੀ ਤੇ ਵਪਾਰਕ ਇਮਾਰਤਾਂ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ’ਚ ਲਏ ਫੈਸਲੇ ’ਚ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ’ਤੇ ਪਾਵਰ ਪਲਾਂਟ, ਰਿਹਾਇਸ਼ੀ ਕਾਲੋਨੀਆਂ, ਉਦਯੋਗਾਂ, ਕਾਰੋਬਾਰੀ ਥਾਵਾਂ ਦੇ ਨਾਲ-ਨਾਲ ਪੰਜ ਤਾਰਾ ਹੋਟਲ, ਪਲਾਸਟਿਕ ਪਾਰਕ ਬਣਾਉਣ ਦੀ ਵੱਡੀ ਯੋਜਨਾ ਤਿਆਰ ਕੀਤੀ ਹੈ। ਅਜਿਹੇ ’ਚ ਝੀਲਾਂ ਦੇ ਸ਼ਹਿਰ ਵਜੋਂ ਮਸ਼ਹੂਰ ਨਵਾਂ ਬਠਿੰਡਾ ਸ਼ੁਰੂ ਹੋ ਜਾਵੇਗਾ ਅਤੇ ਲੋਕਾਂ ਨੂੰ ਹੋਰ ਸਹੂਲਤਾਂ ਮਿਲਣਗੀਆਂ। ਇਹ ਸੜਕ ਪਹਿਲਾਂ ਹੀ ਚਾਰ ਮਾਰਗੀ ਬਣ ਚੁੱਕੀ ਹੈ, ਜਿਸ ’ਤੇ ਕਈ ਪੁਲ ਵੀ ਬਣ ਚੁੱਕੇ ਹਨ।
ਓਪੋਲੋ ਮੁਕਤਸਰ ਰੋਡ ’ਤੇ 27 ਏਕੜ ’ਚ ਬਣਾਏਗੀ ਹਸਪਤਾਲ
ਬਠਿੰਡਾ ਤੋਂ ਮਲੋਟ ਅਤੇ ਮੁਕਤਸਰ ਨੂੰ ਜਾਂਦੀ ਸੜਕ ’ਤੇ ਜਿੱਥੇ ਕਈ ਵੱਡੀਆਂ ਕਾਲੋਨੀਆਂ ਅਤੇ ਕਾਰੋਬਾਰੀ ਸਥਾਨ ਬਣਾਏ ਜਾ ਰਹੇ ਹਨ, ਉੱਥੇ ਹੀ ਓਪੋਲੋ ਵੱਲੋਂ ਮੁਕਤਸਰ ਰੋਡ ’ਤੇ ਪਿੰਡ ਬੁੱਲ੍ਹੇਵਾਲਾ ਨੇੜੇ 27 ਏਕੜ ਵਿਚ ਹਸਪਤਾਲ ਬਣਾਉਣ ਦੀ ਯੋਜਨਾ ਹੈ। ਜਾਣਕਾਰੀ ਮੁਤਾਬਕ ਮੁਕਤਸਰ ਅਤੇ ਮਲੋਟ ਰੋਡ ਦੇ ਨਾਲ ਲੱਗਦੀ ਇਸ ਜ਼ਮੀਨ ’ਤੇ ਵੱਡਾ ਹਸਪਤਾਲ ਬਣਾਇਆ ਜਾਵੇਗਾ। ਡੱਬਵਾਲੀ ਰੋਡ ’ਤੇ ਕਈ ਪ੍ਰਾਈਵੇਟ ਹਸਪਤਾਲਾਂ ਅਤੇ ਏਮਜ਼ ਦੇ ਨਾਲ-ਨਾਲ ਵੱਡੀਆਂ ਕਾਲੋਨੀਆਂ ਪਹਿਲਾਂ ਹੀ ਉਸਾਰੀ ਅਧੀਨ ਹਨ ਅਤੇ ਹੁਣ ਸਰਕਾਰ ਦਾ ਧਿਆਨ ਮੁਕਤਸਰ ਰੋਡ ਵੱਲ ਵੀ ਗਿਆ ਹੈ।
ਨੈਸ਼ਨਲ ਰੋਡ ’ਤੇ ਜ਼ਮੀਨਾਂ ਦੇ ਭਾਅ ਆਸਮਾਨ ਨੂੰ ਲੱਗੇ ਛੂਹਣ
ਇਸ ਸੜਕ ’ਤੇ ਪੁਲਸ ਪਬਲਿਕ ਸਕੂਲ ਦੀ 14 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਹੈ, ਜਿੱਥੇ ਕੌਮਾਂਤਰੀ ਪੱਧਰ ਦਾ ਮਾਡਲ ਅਤੇ ਸਮਾਰਟ ਸਕੂਲ ਬਣਾਇਆ ਜਾਵੇਗਾ। ਇਹ ਸਕੀਮ ਫਿਲਹਾਲ ਸਰਕਾਰ ਦੇ ਅਧੀਨ ਹੈ। ਤੇਜ਼ੀ ਨਾਲ ਵਿਕਾਸ ਕਰ ਰਹੇ ਬਠਿੰਡਾ ’ਤੇ ਭੂ-ਮਾਫੀਆ ਦੀ ਨਜ਼ਰ ਹੈ, ਜਦਕਿ ਕਈ ਵੱਡੇ ਕਾਲੋਨਾਈਜ਼ਰ ਵੀ ਮਲੋਟ-ਮੁਕਤਸਰ ਰੋਡ ’ਤੇ ਨਿਵੇਸ਼ ਕਰਨ ਦੇ ਇੱਛੁਕ ਹਨ। ਕੇਂਦਰੀ ਟਰਾਂਸਪੋਰਟ ਮੰਤਰਾਲਾ ਇਸ ਸੜਕ ਨੂੰ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਤਿਹਾਸਕ ਪਵਿੱਤਰ ਸਥਾਨ ਸ੍ਰੀ ਮੁਕਤਸਰ ਸਾਹਿਬ ਤਕ ਜੋੜਨ ਦੀ ਯੋਜਨਾ ’ਤੇ ਵੀ ਕੰਮ ਕਰ ਰਿਹਾ ਹੈ। ਨੈਸ਼ਨਲ ਰੋਡ-754 ’ਤੇ ਜਿੱਥੇ ਕਈ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਵੱਡੇ ਹਸਪਤਾਲ ਬਣਨ ਜਾ ਰਹੇ ਹਨ, ਉੱਥੇ ਹੀ ਇਸ ਸੜਕ ’ਤੇ ਜ਼ਮੀਨਾਂ ਦੇ ਭਾਅ ਵੀ ਆਸਮਾਨ ਨੂੰ ਛੂਹਣ ਲੱਗ ਪਏ ਹਨ।
ਅਗਲੇ ਕੁਝ ਸਾਲਾਂ ’ਚ ਪੂਰੇ ਬਠਿੰਡਾ ਆਏਗਾ ਦੁਨੀਆਂ ਦੇ ਨਕਸ਼ੇ ’ਤੇ
ਬਾਬਾ ਫਰੀਦ ਕਾਲਜ ਵੀ ਇਕ ਵੱਡੀ ਯੂਨੀਵਰਸਿਟੀ ਬਣਾਉਣ ਜਾ ਰਿਹਾ ਹੈ, ਜਿੱਥੇ ਦੇਸ਼ ਭਰ ਤੋਂ ਹਜ਼ਾਰਾਂ ਵਿਦਿਆਰਥੀ ਪਹੁੰਚ ਕੇ ਦਾਖਲਾ ਲੈਣਗੇ। ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਹੱਬ ਬਣ ਚੁੱਕਾ ਬਠਿੰਡਾ ਅਗਲੇ ਕੁਝ ਸਾਲਾਂ ਵਿਚ ਪੂਰੇ ਪੰਜਾਬ ਨੂੰ ਪਛਾੜ ਕੇ ਦੁਨੀਆਂ ਦੇ ਨਕਸ਼ੇ ’ਤੇ ਆ ਜਾਵੇਗਾ। ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਅਤੇ ਮਨਪ੍ਰੀਤ ਬਾਦਲ ਨੇ ਬਠਿੰਡਾ ਨੂੰ ਪੈਰਿਸ ਵਰਗਾ ਸ਼ਹਿਰ ਬਣਾਉਣ ਦਾ ਐਲਾਨ ਕੀਤਾ ਸੀ, ਜਿਸ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਸਹਿਮਤ ਹੋ ਗਏ ਸਨ। ਅਕਾਲੀ ਦਲ ਦੇ ਰਾਜ ਵਿਚ ਵਿਛਾਈਆਂ ਸੜਕਾਂ ਦੇ ਜਾਲ ਤੋਂ ਬਠਿੰਡਾ ਵੀ ਅਛੂਤਾ ਨਹੀਂ ਰਿਹਾ। ਸ਼ਹਿਰ ਦੇ ਚਾਰੇ ਪਾਸੇ ਕੌਮੀ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।