ਦੋ ਦਿਨ ਤੋਂ ਚਾਈਨਾਂ ਡੋਰ ''ਚ ਫਸੇ ਕਬੂਤਰ ਨੂੰ ਸਮਾਜ ਸੇਵੀਆਂ ਨੇ ਬਚਾਇਆ
Thursday, Dec 19, 2019 - 04:11 PM (IST)

ਕਲਾਨੌਰ (ਵਤਨ) : ਕਸਬੇ ਦੇ ਕਮਿਊਨਟੀ ਸਿਹਤ ਕੇਂਦਰ ਦੇ ਇਕ ਸਫੈਦੇ ਦੇ ਦਰਖਤ 'ਤੇ ਪਿਛਲੇ 2 ਦਿਨਾਂ ਤੋਂ ਚਾਈਨਾਂ ਡੋਰ ਦੀ ਲਪੇਟ 'ਚ ਆਏ ਇਕ ਕਬੂਤਰ ਨੂੰ ਵਾਤਾਵਰਣ ਪ੍ਰੇਮੀਆਂ ਨੇ ਸੁਰੱਖਿਅਤ ਬਚਾਇਆ। ਹਾਲਾਂਕਿ ਕਬੂਤਰ ਦੇ ਖੰਬਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਵਾਤਾਵਰਣ ਪ੍ਰੇਮੀ ਇਸ ਪੰਛੀ ਦਾ ਇਲਾਜ ਕਰਕੇ ਇਸ ਨੂੰ ਤੰਦਰੁਸਤ ਕਰਨ 'ਚ ਲੱਗੇ ਹੋਏ ਹਨ। ਮੌਕੇ 'ਤੇ ਇਕੱਤਰ ਜਾਣਕਾਰੀ ਅਨੁਸਾਰ ਕਮਿਊਨਟੀ ਸਿਹਤ ਕੇਂਦਰ ਦੇ ਸਫੈਦੇ ਦੇ ਦਰਖਤ 'ਤੇ ਇਹ ਕਬੂਤਰ ਪਿਛਲੇ ਦੋ ਦਿਨਾਂ ਤੋਂ ਫਸਿਆ ਹੋਇਆ ਸੀ ਅਤੇ ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਚਲਾਉਣ ਵਾਲੇ ਅਤੇ ਵਾਤਾਵਰਣ ਪ੍ਰੇਮੀ ਰਣਜੀਤ ਸਿੰਘ ਖਾਲਸਾ ਵਲੋਂ ਇਸ ਕਬੂਤਰ ਨੂੰ ਉਤਾਰਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਸਫੈਦੇ ਦੀ ਉਚਾਈ ਕਾਫੀ ਜ਼ਿਆਦਾ ਹੋਣ ਕਾਰਨ ਉਹ ਕਬੂਤਰ ਨੂੰ ਉਤਾਰਣ 'ਚ ਸਫਲ ਨਹੀਂ ਹੋਏ, ਜਿਸ 'ਤੇ ਅੱਜ ਖਾਲਸਾ ਪੰਚਾਇਤ ਕਲਾਨੌਰ ਦੇ ਮੁੱਖੀ ਰਜਿੰਦਰ ਸਿੰਘ ਭੰਗੂ ਦੀ ਮਦਦ ਨਾਲ ਬਚਾਅ ਅਪ੍ਰੇਸ਼ਨ ਚਲਾਇਆ, ਜਿਸ ਅਧੀਨ ਇਕ ਵੱਡੀ ਲਕੜੀ ਦੇ ਅੱਗੇ ਤਿੱਖੀ ਚੀਜ ਬੰਨ੍ਹ ਕੇ ਦੋ ਵਿਅਕਤੀਆਂ ਨੂੰ ਸਫੈਦੇ 'ਤੇ ਚੜਾਇਆ।
ਇਸ ਬਚਾਅ ਕਾਰਜਾਂ ਦੇ ਚਲਦਿਆਂ ਕਈ ਹੋਰ ਮਦਦ ਲਈ ਹੱਥ ਅੱਗੇ ਆਏ ਅਤੇ ਉਨ੍ਹਾਂ ਨੇ ਵੀ ਚਾਈਨਾਂ ਡੋਰ ਨਾਲ ਤੜਪ ਰਹੇ ਪੰਛੀ ਨੂੰ ਬਚਾਉਣ 'ਚ ਮਦਦ ਕੀਤੀ ਅਤੇ ਅੰਤ ਉਸ ਕਬੂਤਰ ਨੂੰ ਸਫਲਤਾਪੁਰਵਕ ਬਚਾ ਲਿਆ ਗਿਆ। ਉੱਥੇ ਮੌਜੂਦ ਸਭ ਲੋਕਾਂ ਵਲੋਂ ਪ੍ਰਣ ਲਿਆ ਕਿ ਉਹ ਆਪ ਅਤੇ ਆਪਣੇ ਬੱਚਿਆਂ ਨੂੰ ਕਦੇ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨ ਦੇਣਗੇ।