Republic Day 2021 : ਇਤਿਹਾਸ ’ਚ ਪਹਿਲੀ ਵਾਰ ਜਵਾਨਾਂ ਦੇ ਨਾਲ-ਨਾਲ ਕਿਸਾਨ ਵੀ ਕਰਨਗੇ ਪਰੇਡ

Tuesday, Jan 26, 2021 - 10:41 AM (IST)

Republic Day 2021 : ਇਤਿਹਾਸ ’ਚ ਪਹਿਲੀ ਵਾਰ ਜਵਾਨਾਂ ਦੇ ਨਾਲ-ਨਾਲ ਕਿਸਾਨ ਵੀ ਕਰਨਗੇ ਪਰੇਡ

ਲੰਬਾ ਸਮਾਂ ਮੁਗਲਾਂ ਅਤੇ ਅੰਗਰੇਜਾਂ ਦੀ ਗੁਲਾਮੀ ਹੰਢਾਉਣ ਉਪਰੰਤ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਮੁਲਕ ਵਾਸੀਆਂ ਨੂੰ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਹੱਕਦਾਰ ਬਣਾਇਆ। ਸ਼ਹੀਦਾਂ ਨੇ ਖੁਦ ਦੀਆਂ ਜਾਨਾਂ ਦਾ ਮੁੱਲ ਤਾਰ ਕੇ ਸਾਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤੀ ਦਿਵਾਈ। ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਅੱਜ ਅਸੀਂ ਗਣਤੰਤਰ ਅਤੇ ਸੁਤੰਤਰ ਦਿਹਾੜਾ ਮਨਾਉਣ ਦੇ ਸਮਰੱਥ ਹੋਏ ਹਾਂ। ਆਜ਼ਾਦ ਭਾਰਤ ਵੱਲੋਂ ਆਪਣੇ ਬਣਾਏ ਸੰਵਿਧਾਨ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਉਸ ਦਿਨ ਤੋਂ ਲੈ ਕੇ ਸਮੂਹ ਦੇਸ਼ ਵਾਸੀ ਹਰ ਵਰ੍ਹੇ ਗਣਤੰਤਰ ਦਿਵਸ ਮਨਾਉਂਦੇ ਆ ਰਹੇ ਨੇ। ਗਣਤੰਤਰ ਦਿਵਸ ਮੌਕੇ ਦੇਸ਼ ਦੀਆਂ ਸੈਨਾਵਾਂ ਵੱਲੋਂ ਵੱਖ-ਵੱਖ ਪ੍ਰਦਰਸ਼ਨੀਆਂ ਜਰੀਏ ਸੈਨਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸੈਨਿਕ ਸ਼ਕਤੀ ਦੇ ਪ੍ਰਦਰਸ਼ਨ ਦੇ ਨਾਲ-ਨਾਲ ਵੱਖ ਖੇਤਰਾਂ ਦੀਆਂ ਮਾਣਮੱਤੀਆਂ ਝਲਕਾਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ। ਸੈਨਾਵਾਂ ਵੱਲੋਂ ਪਰੇਡ ਕਰਦਿਆਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਜਾਂਦੀ ਹੈ।

ਕੌਮੀ ਰਾਜਧਾਨੀ ਦਿੱਲੀ ਵਿਖੇ ਦੇਸ਼ ਦੇ ਸੈਨਿਕਾਂ ਦੇ ਨਾਲ-ਨਾਲ ਕਿਸਾਨ ਵੀ ਕਰਨਗੇ ਪਰੇਡ
ਦੇਸ਼ ਦੇ ਸੁਤੰਤਰਤਾ ਅਤੇ ਗਣਤੰਤਰ ਦਿਹਾੜੇ ਮੌਕੇ ਸੈਨਿਕਾਂ ਵੱਲੋਂ ਹਰ ਵਰ੍ਹੇ ਪਰੇਡ ਕੀਤੀ ਜਾਂਦੀ ਹੈ ਪਰ ਇਸ ਵਰ੍ਹੇ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੇਸ਼ ਦੇ ਸੈਨਿਕਾਂ ਦੇ ਨਾਲ-ਨਾਲ ਦੇਸ਼ ਦੇ ਕਿਸਾਨ ਵੀ ਕੌਮੀ ਰਾਜਧਾਨੀ ਦਿੱਲੀ ਵਿਖੇ ਪਰੇਡ ਕਰਨਗੇ। ਸਰਕਾਰ ਵੱਲੋਂ ਭੁੱਖ ਮਰੀ ਨਾਲ ਜੂਝਦੇ ਮੁਲਕ ‘ਚ ਅੰਨ ਉਤਪਾਦਨ ਦੇ ਇਜ਼ਾਫੇ ਲਈ ਹਰੀਕ੍ਰਾਂਤੀ ਦਾ ਦੌਰ ਸ਼ੁਰੂ ਕਰਦਿਆਂ ਮੁਲਕ ਨੂੰ ਰੱਖਿਆ ਪੱਖੋਂ ਆਤਮ ਨਿਰਭਰ ਬਣਾਉਣ ਵਾਲੇ ਸੈਨਿਕ ਜਵਾਨਾਂ ਅਤੇ ਮੁਲਕ ਨੂੰ ਅੰਨ ਪੱਖੋਂ ਆਤਮ ਨਿਰਭਰ ਬਣਾਉਣ ਵਾਲੇ ਕਿਸਾਨਾਂ ਲਈ ਇੱਕਠੇ ਰੂਪ ਵਿੱਚ “ਜੈ ਜਵਾਨ ਜੈ ਕਿਸਾਨ” ਦਾ ਨਾਅਰਾ ਦਿੱਤਾ ਗਿਆ। ਸਰਕਾਰ ਵੱਲੋਂ ਦਿੱਤੇ ਨਾਅਰੇ ਅਨੁਸਾਰ ਕਿਸਾਨਾਂ ਵੱਲੋਂ ਨਿੱਠ ਕੇ ਖੇਤੀ ਖੇਤਰ ਵਿੱਚ ਕੰਮ ਕੀਤਾ ਗਿਆ। ਕਿਸਾਨਾਂ ਨੇ ਦਿਨ ਰਾਤ ਕੰਮ ਕਰਕੇ ਮੁਲਕ ਦੇ ਅੰਨ ਭੰਡਾਰ ਇਸ ਤਰ੍ਹਾਂ ਨੱਕੋ ਨੱਕ ਭਰੇ ਦਿੱਤੇ ਕਿ ਅੱਜ ਦੇਸ਼ ਅਨਾਜ ਦਰਾਮਦ ਕਰਨ ਦੇ ਸਮਰੱਥ ਬਣ ਗਿਆ ਹੈ। ਸਰਕਾਰਾਂ ਵੱਲੋਂ ਦਿੱਤਾ ਜੈ ਕਿਸਾਨ ਦਾ ਨਾਅਰਾ ਬਹੁਤੀ ਦੇਰ ਨਾ ਨਿਭ ਸਕਿਆ ਅਤੇ ਦੇਸ਼ ਦੇ ਅੰਨ ਭੰਡਾਰਾਂ ਨੂੰ ਨੱਕੋ ਨੱਕ ਭਰਨ ਵਾਲਾ ਕਿਸਾਨ ਖੁਦ ਭੁੱਖਮਰੀ ਦਾ ਸ਼ਿਕਾਰ ਹੋ ਕੇ ਰਹਿ ਗਿਆ। ਸਰਕਾਰਾਂ ਦੀ ਖੇਤੀ ਖੇਤਰ ਪ੍ਰਤੀ ਉਦਾਸੀਨਤਾ ਵਾਲੀ ਪਹੁੰਚ ਦੇ ਚੱਲਦਿਆਂ ਕਿਸਾਨ ਕਰਜ਼ਈ ਹੋਣ ਲੱਗਿਆ। ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕੌੜਾ ਸੱਚ ਅੱਜ ਮੁਲਕ ਦੇ ਮੱਥੇ ‘ਤੇ ਬਦਨੁਮਾ ਧੱਬੇ ਵਾਂਗ ਚਮਕਣ ਲੱਗਿਆ ਹੈ। ਸਰਕਾਰਾਂ ਦੀਆਂ ਖੇਤੀ ਖੇਤਰ ਪ੍ਰਤੀ ਗਲਤ ਨੀਤੀਆਂ ਕਾਰਨ ਕਿਸਾਨਾਂ ਦੀ ਨਵੀਂ ਪੀੜ੍ਹੀ ਖੇਤੀ ਤੋਂ ਮੂੰਹ ਮੋੜਨ ਲੱਗੀ ਹੈ।

ਦਿੱਲੀ ਦੀਆਂ ਸਰਹੱਦਾਂ ‘ਤੇ ਬੈਠ ਕਿਸਾਨ ਕਰ ਰਹੇ ਹਨ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
ਪਿਛਲੇ ਵਰ੍ਹੇ ਕੇਂਦਰ ਸਰਕਾਰ ਵੱਲੋਂ ਖੇਤੀ ਖੇਤਰ ਲਈ ਲਿਆਂਦੇ ਨਵੇਂ ਕਾਨੂੰਨਾਂ ਨਾਲ ਤਾਂ ਸਰਕਾਰ ਨੇ ਖੇਤੀ ਖੇਤਰ ਪ੍ਰਤੀ ਉਦਾਸੀਨਤਾ ਵਾਲੀ ਨੀਤੀ ਤੋਂ ਵੀ ਅੱਗੇ ਲੰਘਦਿਆਂ ਦਮਨਕਾਰੀ ਨੀਤੀਆਂ ਦਾ ਆਰੰਭ ਕਰ ਦਿੱਤਾ। ਸਰਕਾਰ ਵੱਲੋਂ ਕਿਸਾਨ ਪੱਖੀ ਕਹਿਕੇ ਲਾਗੂ ਕੀਤੇ ਇਨ੍ਹਾਂ ਨਵੇਂ ਕਾਨੂੰਨਾਂ ਬਾਰੇ ਦੇਸ਼ ਦਾ ਕਿਸਾਨ ਚੀਕ ਚੀਕ ਕੇ ਕਹਿ ਰਿਹਾ ਹੈ ਕਿ ਇਹ ਕਾਨੂੰਨ ਉਸ ਨੂੰ ਨਹੀਂ ਚਾਹੀਦੇ ਪਰ ਸਰਕਾਰ ਜ਼ਬਰਦਸਤੀ ਕਾਨੂੰਨ ਲਾਗੂ ਕਰਦਿਆਂ ਕਹਿ ਰਹੀ ਹੈ ਕਿ ਨਹੀਂ ਤੁਹਾਨੂੰ ਨਹੀਂ ਪਤਾ ਸਾਨੂੰ ਪਤਾ ਹੈ ਇਹ ਕਾਨੂੰਨ ਤੁਹਾਡੇ ਲਈ ਲਾਭਕਾਰੀ ਹਨ। ਕਾਨੂੰਨਾਂ ਦੀ ਵਾਪਸੀ ਲਈ ਕਿਸਾਨ ਤਕਰੀਬਨ ਛੇ ਮਹੀਨਿਆਂ ਤੋਂ ਸੰਘਰਸ਼ ਦੇ ਮੈਦਾਨ ਵਿੱਚ ਹਨ। ਤਕਰੀਬਨ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠ ਕੇ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਤਰਕ ਹੈ ਕਿ ਇਹ ਕਾਨੂੰਨ ਉਨ੍ਹਾਂ ਦੀ ਬਜਾਏ ਪੂੰਜੀਪਤੀ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰਦੇ ਹਨ। ਕਿਸਾਨ ਜਥੇਬੰਦੀਆਂ ਦੇ ਆਗੂ ਕਾਨੂੰਨਾਂ ਬਦੌਲਤ ਕਿਸਾਨਾਂ ‘ਤੇ ਪੈਣ ਵਾਲੇ ਨਾਕਾਰਤਮਕ ਪ੍ਰਭਾਵਾਂ ਬਾਰੇ ਸਰਕਾਰ ਨੂੰ ਵਿਸਥਾਰ ਵਿੱਚ ਦੱਸ ਵੀ ਚੁੱਕੇ ਹਨ।

11 ਮੀਟਿੰਗਾਂ ਤੋਂ ਬਾਅਦ ਵੀ ਕਾਨੂੰਨਾਂ ਬਾਰੇ ਹਾਲੇ ਤੱਕ ਕੋਈ ਸਹਿਮਤੀ ਨਹੀਂ
ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਖਾਤਮੇ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਹੁਣ ਤੱਕ 11 ਗੇੜ੍ਹ ਦੀ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਕਾਨੂੰਨਾਂ ਬਾਰੇ ਹਾਲੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ। ਅਖੀਰਲੇ ਗੇੜ੍ਹ ਦੀ ਗੱਲਬਾਤ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਅਨੁਸਾਰ ਕਾਨੂੰਨ ਰੱਦ ਕੀਤੇ ਜਾਣ ਤੋਂ ਸਾਫ ਇਨਕਾਰ ਕਰ ਦੇਣ ਨਾਲ ਕਿਸਾਨਾਂ ਵੱਲੋਂ ਪਹਿਲਾਂ ਤੋਂ ਹੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਜ ਕੌਮੀ ਰਾਜਧਾਨੀ ਦਿੱਲੀ ਦੀਆਂ ਸੜਕਾਂ ‘ਤੇ ਟਰੈਕਟਰ ਪਰੇਡ ਕਰਕੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਕਿਸਾਨਾਂ ਦੀ ਟਰੈਕਟਰ ਪਰੇਡ ਵੀ ਸਰਕਾਰ ਨੂੰ ਵਾਰ੍ਹਾ ਨਹੀਂ ਖਾ ਰਹੀ। ਇਸ ਪਰੇਡ ਨੂੰ ਰੁਕਵਾਉਣ ਲਈ ਸਰਕਾਰ ਵੱਲੋਂ ਦਿੱਲੀ ਪੁਲਸ ਜਰੀਏ ਪਹਿਲ਼ਾਂ ਅਦਲਾਤੀ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਮਾਨਯੋਗ ਉੱਚ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਦਾਖਲ ਤੋਂ ਇਨਕਾਰ ਕਰ ਦਿੱਤੇ ਜਾਣ ਉਪਰੰਤ ਸਰਕਾਰ ਨੇ ਦਿੱਲੀ ਪੁਲਸ ਨੂੰ ਇਸ ਨਾਲ ਨਜਿੱਠਣ ਲਈ ਹੁਕਮ ਚਾੜ੍ਹੇ। ਦਿੱਲੀ ਪੁਲਸ ਕਿਸਾਨਾਂ ਨੂੰ ਅਮਨ ਸ਼ਾਂਤੀ ਭੰਗ ਹੋਣ ਦੇ ਸੰਭਾਵੀ ਖਤਰਿਆਂ ਦਾ ਹਵਾਲਾ ਦੇ ਕੇ ਟਰੈਕਟਰ ਪਰੇਡ ਮਨਸੂਖ ਕਰਨ ਲਈ ਕਹਿੰਦੀ ਰਹੀ ਪਰ ਕਿਸਾਨ ਆਗੂਆਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਸ਼ਾਂਤਮਈ ਅੰਦੋਲਨ ਦਾ ਹਵਾਲਾ ਦੇ ਕੇ ਟਰੈਕਟਰ ਪਰੇਡ ਦੌਰਾਨ ਅਸ਼ਾਂਤੀ ਪੈਦਾ ਹੋਣ ਦੀਆਂ ਪ੍ਰਗਟਾਈਆਂ ਜਾ ਰਹੀਆਂ ਪੁਲਸ ਦੀਆਂ ਸ਼ੰਕਾਵਾਂ ਪੂਰੀ ਤਰ੍ਹਾਂ ਦੂਰ ਕਰ ਦਿੱਤੀਆਂ।

ਕਿਸਾਨਾਂ ਨੂੰ ਦਿੱਲੀ ‘ਚ ਟਰੈਕਟਰ ਪਰੇਡ ਕਰਨ ਦੀ ਇਜ਼ਾਜਤ
ਦਿੱਲੀ ਪੁਲਸ ਵੱਲੋਂ ਟਰੈਕਟਰ ਪਰੇਡ ਰੁਕਵਾਉਣ ਦੀ ਹੱਠਧਰਮੀ ਤਿਆਗਦਿਆਂ ਕਿਸਾਨਾਂ ਨੂੰ ਦਿੱਲੀ ‘ਚ ਟਰੈਕਟਰ ਪਰੇਡ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ। ਪਰੇਡ ਦੇ ਰੂਟ ਦਿੱਲੀ ਪੁਲਸ ਅਤੇ ਕਿਸਾਨ ਆਗੂਆਂ ਵੱਲੋਂ ਆਪਸੀ  ਸਹਿਮਤੀ ਨਾਲ ਨਿਰਧਾਰਤ ਕੀਤੇ ਗਏ ਹਨ। ਕਿਸਾਨ ਆਗੂਆਂ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਤਾਂ ਗੱਲ ਹੀ ਛੱਡੋ ਪੂਰਨ ਅਨੁਸਾਸ਼ਨ ਬਣਾਈ ਰੱਖਣ ਦਾ ਵਿਸ਼ਵਾਸ਼ ਦਿਵਾਇਆ। ਅੰਦੋਲਨ ਕਰ ਰਹੇ ਸੂਬਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਦਿੱਲੀ ਦੀ ਟਰੈਕਟਰ ਪਰੇਡ ਲਈ ਟਰੈਕਟਰਾਂ ਦੇ ਪਹੁੰਚਣ ਦਾ ਆਲਮ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਕਿਸਾਨ ਆਗੂਆਂ ਅਨੁਸਾਰ ਇਹ ਟਰੈਕਟਰ ਪਰੇਡ ਸੌ ਕਿਲੋਮੀਟਰ ਤੱਕ ਦੀ ਲੰਬਾਈ ਤੱਕ ਦੀ ਹੋ ਸਕਦੀ ਹੈ। ਮੁਲਕ ਦੇ ਸੁਤੰਤਰਤਾ ਸੰਗਰਾਮ ਵਾਂਗ ਪੰਜਾਬ ਦਿੱਲੀ ਦੀ ਟਰੈਕਟਰ ਪਰੇਡ ਦੀ ਅਗਵਾਈ ਕਰਦਾ ਨਜ਼ਰ ਆ ਰਿਹਾ ਹੈ। ਆਜ਼ਾਦੀ ਸੰਗਰਾਮ ਵਿੱਚ ਸ਼ਹੀਦੀਆਂ ਦੇ ਅੱਸੀ ਫੀਸਦੀ ਤੋਂ ਜ਼ਿਆਦਾ ਯੋਗਦਾਨ ਵਾਂਗ ਪੰਜਾਬ ਇਸ ਟਰੈਕਟਰ ਪਰੇਡ ਵਿੱਚ ਅੱਸੀ ਫੀਸਦੀ ਤੋਂ ਵੱਧ ਯੋਗਦਾਨ ਪਾ ਰਿਹਾ ਹੈ। ਟਰੈਕਟਰ ਪਰੇਡ ਪ੍ਰਤੀ ਪੰਜਾਬ ਦੇ ਕਿਸਾਨਾਂ ਦਾ ਉਤਸ਼ਾਹ ਵਿਲੱਖਣ ਹੈ। 

ਟਰੈਕਟਰ ਪਰੇਡ ਦੌਰਾਨ ਕਿਸਾਨਾਂ ਵੱਲੋਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਜਾਣੀਆਂ 
ਕਿਸਾਨਾਂ ਵੱਲੋਂ ਟਰੈਕਟਰ ਮਾਰਚਾਂ ਜ਼ਰੀਏ ਟਰੈਕਟਰ ਪਰੇਡ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਟਰੈਕਟਰ ਪਰੇਡ ਦੌਰਾਨ ਕਿਸਾਨਾਂ ਵੱਲੋਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਜਾਣੀਆਂ ਹਨ। ਇਨ੍ਹਾਂ ਝਾਕੀਆਂ ਜ਼ਰੀਏ ਕਿਸਾਨਾਂ ਵੱਲੋਂ ਕਿਸਾਨ ਦੀ ਮਿਹਨਤ ਅਤੇ ਕਿਰਤ ਦਾ ਪ੍ਰਦਰਸ਼ਨ ਕੀਤਾ ਜਾਣਾ ਹੈ। ਕਿਸਾਨਾਂ ਦੀ ਯੋਜਨਾਬੱਧ ਅਤੇ ਸਵੈ ਅਨੁਸ਼ਾਸਿਤ ਟਰੈਕਟਰ ਪਰੇਡ ਵਿਸ਼ਵ ਰਿਕਾਰਡ ਪੈਦਾ ਕਰੇਗੀ। ਕਿਸਾਨ ਝਾਕੀਆਂ ਦਿੱਲੀ ਵਾਸੀਆਂ ਸਮੇਤ ਕੌਮੀ ਅਤੇ ਕੌੰਮਾਂਤਰੀ ਪੱਧਰ ‘ਤੇ ਆਕਰਸ਼ਨ ਪੈਦਾ ਕਰਨਗੀਆਂ। ਮੰਗਾਂ ਦੀ ਪੂਰਤੀ ਲਈ ਸਰਕਾਰ ਵੱਲੋਂ ਸਾਫ ਤੌਰ ‘ਤੇ ਇਨਕਾਰ ਕਰ ਦਿੱਤੇ ਜਾਣ ਤੋਂ ਬਾਅਦ ਅੰਦੋਲਨਕਾਰੀ ਕਿਸਾਨਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਗਣਤੰਤਰ ਦਿਵਸ ਮਨਾਉਣਾ ਮੁਲਕ ਦੇ ਨਹੀਂ ਵਿਸ਼ਵ ਦੇ ਇਤਿਹਾਸ ਦਾ ਸੁਨਿਹਰੀ ਪੰਨ੍ਹਾ ਬਣੇਗਾ। ਵਿਸ਼ਵ ਦੇ ਹੋਰਨਾਂ ਅੰਦੋਲਨਕਾਰੀ ਲੋਕਾਂ ਲਈ ਇਹ ਸ਼ਾਂਤਮਈ ਟਰੈਕਟਰ ਪਰੇਡ ਇੱਕ ਪ੍ਰੇਰਨਾ ਸ੍ਰੋਤ ਬਣੇਗੀ। ਕਿਸਾਨਾਂ ਦੀ ਟਰੈਕਟਰ ਪਰੇਡ ਸ਼ਾਂਤਮਈ ਅੰਦੋਲਨਾਂ ਦੇ ਨਾਲ ਨਾਲ ਵਿਲੱਖਣ ਤਰੀਕੇ ਆਪਣੀ ਮੰਗ ਰੱਖਣ ਦੇ ਇਤਿਹਾਸ ਵਿੱਚ ਵੀ ਮੀਲ ਪੱਥਰ ਸਾਬਿਤ ਹੋਵੇਗੀ।

ਬਿੰਦਰ ਸਿੰਘ ਖੁੱਡੀ ਕਲਾਂ
ਮੋਬ :98786-05965


author

rajwinder kaur

Content Editor

Related News