ਰਾਮ ਰਹੀਮ ਦੇ ''ਮੁਲਾਕਾਤੀਆਂ'' ਦੀ ਰਿਪੋਰਟ ਤਿਆਰ ਕਰ ਰਿਹੈ ਮਹਿਕਮਾ

Monday, Sep 04, 2017 - 07:00 AM (IST)

ਸਿਰਸਾ  (ਪ੍ਰਵੀਨ ਕੌਸ਼ਿਕ)  - ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੇ ਪਰਿਵਾਰ ਦੇ ਲੋਕਾਂ ਨੂੰ ਮਿਲਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਇਕ ਲਿਸਟ ਡੇਰਾ ਮੁਖੀ ਵੱਲੋਂ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ, ਜਿਸ 'ਚ ਹਨੀਪ੍ਰੀਤ ਸਣੇ ਪਰਿਵਾਰ ਦੇ 10 ਲੋਕਾਂ ਦੇ ਨਾਂ ਸ਼ਾਮਲ ਹਨ। ਇਹ ਲਿਸਟ ਰੋਹਤਕ ਜੇਲ ਪ੍ਰਸ਼ਾਸਨ ਵੱਲੋਂ ਸਿਰਸਾ ਪੁਲਸ ਨੂੰ ਭੇਜੀ ਗਈ ਹੈ। ਇਸਦੇ ਲਈ ਸਿਰਸਾ ਥਾਣਾ ਸਦਰ ਪੁਲਸ ਇਕ ਵੈਰੀਫਿਕੇਸ਼ਨ ਲਿਸਟ ਤਿਆਰ ਕਰ ਰਹੀ ਹੈ।
ਵਿਭਾਗ ਦੇ ਜਾਣਕਾਰਾਂ ਅਨੁਸਾਰ ਇਸ ਲਿਸਟ ਵਿਚ ਰਾਮ ਰਹੀਮ ਨੇ ਆਪਣੀ ਮਾਂ ਨਸੀਬ ਕੌਰ, ਬੇਟੇ ਜਸਮੀਤ ਸਿੰਘ, ਬੇਟੀਆਂ ਚਰਨਪ੍ਰੀਤ, ਅਮਰਪ੍ਰੀਤ ਅਤੇ ਗੋਦ ਲਈ ਹੋਈ ਬੇਟੀ ਹਨੀਪ੍ਰੀਤ, ਹੁਸਨਪ੍ਰੀਤ, ਜਵਾਈ ਸ਼ਾਨ-ਏ-ਮੀਤ, ਡੇਰੇ ਦੀ ਮੁੱਖ ਮੈਨੇਜਮੈਂਟ ਅਧਿਕਾਰੀ ਵਿਪਾਸਨਾ ਅਤੇ ਦਾਨ ਸਿੰਘ ਦਾ ਨਾਂ ਦਰਜ ਕਰਵਾਇਆ ਹੈ।
ਰਿਕਾਰਡ ਚੈੱਕ ਕਰ ਰਹੀ ਹੈ ਪੁਲਸ : ਥਾਣਾ ਮੁਖੀ
ਸਦਰ ਥਾਣੇ ਦੇ ਮੁਖੀ ਦਿਨੇਸ਼ ਕੁਮਾਰ ਦਾ ਕਹਿਣਾ ਹੈ ਇਕ ਲਿਸਟ ਉਨ੍ਹਾਂ ਕੋਲ ਆਈ ਹੈ ਅਤੇ ਪੁਲਸ ਰਿਕਾਰਡ ਚੈੱਕ ਕਰ ਰਹੀ ਹੈ। ਹਾਲਾਂਕਿ ਅਜੇ ਤਕ ਕਿਸੇ 'ਤੇ ਕੋਈ ਮੁਕੱਦਮਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜੋ ਰਿਪੋਰਟ ਤਿਆਰ ਹੋਵੇਗੀ, ਉੱਚ ਅਧਿਕਾਰੀਆਂ ਦੇ ਜ਼ਰੀਏ ਰੋਹਤਕ ਜੇਲ ਪ੍ਰਸ਼ਾਸਨ ਤਕ ਪਹੁੰਚਾ ਦਿੱਤੀ ਜਾਵੇਗੀ।
ਰਾਮ ਰਹੀਮ ਦੀਆਂ ਫਿਲਮਾਂ ਵਿਚ ਇਸਤੇਮਾਲ ਹੋਈ ਬਾਈਕ ਸਣੇ ਦੰਗਾਕਾਰੀ ਫੜਿਆ
ਸਿਰਸਾ  (ਕੌਸ਼ਿਕ) -  ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ. ਬੀ. ਆਈ. ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਦੰਗਾ ਮਚਾਉਣ ਦੇ ਮਾਮਲੇ ਵਿਚ ਪੁਲਸ ਨੇ ਇਕ ਹੋਰ ਦੰਗਾਕਾਰੀ ਨੂੰ ਬਾਈਕ ਸਣੇ ਕਾਬੂ ਕੀਤਾ ਹੈ। ਇਹ ਬਾਈਕ ਰਾਮ ਰਹੀਮ ਦੀਆਂ ਫਿਲਮਾਂ ਦੀ ਸ਼ੂਟਿੰਗ ਦੌਰਾਨ ਇਸਤੇਮਾਲ ਹੁੰਦੀ ਸੀ। ਸਥਾਨਕ ਪੁਲਸ ਅਤੇ ਸੀ. ਆਈ. ਏ. ਪੁਲਸ ਨੇ ਇਸ ਮਾਮਲੇ ਵਿਚ ਕਲਿਆਣ ਨਗਰ ਵਾਸੀ ਗੁਰਸੇਵਕ ਪੁੱਤਰ ਰਮੇਸ਼ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ। ਸਥਾਨਕ ਥਾਣਾ ਮੁਖੀ ਰਾਮ ਸਿੰਘ ਨੇ ਦੱਸਿਆ ਕਿ ਪੁਲਸ ਗੁਰਸੇਵਕ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਡੇਰਾ ਕਾਂਡ : ਬੀਕਾਨੇਰ ਰੇਲ ਮੰਡਲ ਨੂੰ 10 ਕਰੋੜ ਦਾ ਨੁਕਸਾਨ
ਫਤਿਹਾਬਾਦ  (ਤਾਰੀਫ) — ਡੇਰਾ ਮੁਖੀ ਨੂੰ ਸਾਧਵੀ ਯੌਨ ਸ਼ੋਸ਼ਣ ਕਾਂਡ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੇਰਾ ਸਮਰਥਕਾਂ ਵੱਲੋਂ ਕੀਤੇ ਗਏ ਦੰਗਿਆਂ ਵਿਚ ਬੀਕਾਨੇਰ ਰੇਲ ਮੰਡਲ ਨੂੰ 10 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਮੰਡਲ ਦੇ ਉੱਚ ਅਧਿਕਾਰੀ 4 ਸਤੰਬਰ ਨੂੰ ਇਸ ਬਿਓਰੇ ਨੂੰ ਅੰਤਿਮ ਰੂਪ ਦੇ ਕੇ ਹੈੱਡਕੁਆਰਟਰ ਭੇਜਣ ਦੀ ਤਿਆਰੀ ਕਰ ਚੁੱਕੇ ਹਨ। ਇਸਦਾ ਖੁਲਾਸਾ ਬੀਕਾਨੇਰ ਰੇਲ ਮੰਡਲ ਦੇ ਡੀ. ਆਰ. ਐੱਮ. ਦੂਬੇ ਸਿੰਘ ਨੇ ਕੀਤਾ। ਮੰਡਲ ਵੱਲੋਂ ਤਿਆਰ ਕੀਤੀ ਗਈ ਸ਼ੁਰੂਆਤੀ ਰਿਪੋਰਟ ਮੁਤਾਬਕ ਮਾਲ ਗੱਡੀਆਂ ਰੱਦ ਹੋਣ ਕਾਰਨ ਲਗਭਗ 8 ਕਰੋੜ ਅਤੇ ਪਸੰਜਰ ਗੱਡੀਆਂ ਰੱਦ ਹੋਣ ਕਾਰਨ 2 ਕਰੋੜ ਤੋਂ ਜ਼ਿਆਦਾ ਮਾਲੀਏ ਦਾ ਨੁਕਸਾਨ ਹੋਇਆ ਹੈ।


Related News