ਚੰਡੀਗੜ੍ਹ ਪੀ. ਜੀ. ਆਈ. ਆਉਣ ਵਾਲੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਹੁਣ ਮਿਲੇਗੀ ਇਹ ਸਹੂਲਤ

02/07/2024 6:04:09 PM

ਚੰਡੀਗੜ੍ਹ (ਅਧੀਰ) : ਚੰਡੀਗੜ੍ਹ ਸ਼ਹਿਰ ਦੇ ਮਰੀਜ਼ਾਂ ਨੂੰ ਆਉਣ ਵਾਲੇ ਸਮੇਂ ’ਚ ਪੀ. ਜੀ. ਆਈ. ਇਕ ਵੱਡੀ ਰਾਹਤ ਦੇਣ ਜਾ ਰਿਹਾ ਹੈ। ਅਜੇ ਤਕ ਓ. ਪੀ. ਡੀ. ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਦੇਣ ਤੋਂ ਬਾਅਦ ਹੁਣ ਪੀ. ਜੀ. ਆਈ. ਦੀ ਓ. ਪੀ. ਡੀ. ’ਚ ਆਉਣ ਵਾਲੇ ਚੰਡੀਗੜ੍ਹ ਦੇ ਮਰੀਜ਼ਾਂ ਨੂੰ ਆਪਣੇ ਸੈਕਟਰਾਂ ’ਚ ਵੀ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਮਿਲਣ ਜਾ ਰਹੀ ਹੈ। ਇਹ ਸਹੂਲਤ ਚੰਡੀਗੜ੍ਹ ਦੇ ਸੈਕਟਰਾਂ ’ਚ ਬਣੇ ਸੰਪਰਕ ਕੇਂਦਰਾਂ ’ਚ ਹੀ ਮਿਲੇਗੀ। ਪੀ. ਜੀ. ਆਈ. ਆਉਣ ਵਾਲੇ ਲੋਕ ਆਪਣੇ-ਆਪਣੇ ਖ਼ੇਤਰ ਦੇ ਸੰਪਰਕ ਕੇਂਦਰਾਂ ਤੋਂ ਵੀ ਪੀ. ਜੀ. ਆਈ. ਦੇ ਕਾਰਡ ਬਣਵਾਉਣ ਦੀਆਂ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਸਕਣਗੇ। ਪੀ. ਜੀ. ਆਈ. ਆ ਕੇ ਅਜਿਹੇ ਮਰੀਜ਼ਾਂ ਨੂੰ ਸੰਪਰਕ ਕੇਂਦਰਾਂ ਤੋਂ ਦਿੱਤਾ ਗਿਆ ਇਕ ਕੋਡ ਪਹਿਲਾਂ ਤੋਂ ਚੱਲ ਰਹੇ ਆਨਲਾਈਨ ਰਜਿਸਟ੍ਰੇਸ਼ਨ ਵਾਲੇ ਕਾਊਂਟਰਾਂ ’ਤੇ ਦਿਖਾਉਣਾ ਪਵੇਗਾ। ਫਿਰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਵਾਂਗ ਉਨ੍ਹਾਂ ਦਾ ਕਾਰਡ ਬਹੁਤ ਹੀ ਘੱਟ ਸਮੇਂ ’ਚ ਤਿਆਰ ਹੋ ਕੇ ਸਬੰਧਤ ਓ. ਪੀ. ਡੀ. ’ਚ ਚਲਾ ਜਾਏਗਾ। ਪੀ. ਜੀ. ਆਈ. ਪ੍ਰਸ਼ਾਸਨ ਨੇ ਇਸ ਸਹੂਲਤ ਲਈ ਪੂਰੀ ਪਲਾਨਿੰਗ ਕਰ ਲਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋਕਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਹਾਲਾਂਕਿ, ਇਹ ਪ੍ਰਾਜੈਕਟ ਅਜੇ ਸ਼ੁਰੂਆਤੀ ਪੜਾਅ ’ਤੇ ਹੈ। ਇਹ ਸਹੂਲਤ ਸੰਪਰਕ ਕੇਂਦਰਾਂ ਤੋਂ ਸ਼ੁਰੂ ਕਰਨ ਲਈ ਪੀ. ਜੀ. ਆਈ. ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚਾਲੇ ਮੀਟਿੰਗ ਹੋਣੀ ਬਾਕੀ ਹੈ ਪਰ ਸੂਤਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੀ. ਜੀ. ਆਈ. ਪ੍ਰਸ਼ਾਸਨ ਕੋਲ ਇਸ ਸਹੂਲਤ ਨੂੰ ਸੰਪਰਕ ਕੇਂਦਰਾਂ ਤੋਂ ਸ਼ੁਰੂ ਕਰਨ ਲਈ ਪਹਿਲਾਂ ਹੀ ਪੂਰਾ ਬੁਨਿਆਦੀ ਢਾਂਚਾ ਉਪਲੱਬਧ ਹੈ। ਪੀ. ਜੀ. ਆਈ. ਦਾ ਹਸਪਤਾਲ ਇਨਫਾਰਮੇਸ਼ਨ ਸਿਸਟਮ (ਐੱਚ. ਆਈ. ਐੱਸ.) ਚੰਡੀਗੜ੍ਹ ਦੇ ਮਰੀਜ਼ਾਂ ਨੂੰ ਇਹ ਸਹੂਲਤ ਮੁਹੱਈਆ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।

ਇਹ ਵੀ ਪੜ੍ਹੋ : ਕਿਸਾਨ ਦਾ ਇਕਲੌਤਾ ਪੁੱਤਰ ਚੜ੍ਹਿਆ ਨਸ਼ਿਆਂ ਦੀ ਭੇਟ, ਸਤਲੁਜ ਦਰਿਆ ਕਿਨਾਰਿਓਂ ਮਿਲੀ ਲਾਸ਼

17.6 ਫੀਸਦੀ ਮਰੀਜ਼ ਚੰਡੀਗੜ੍ਹ ਤੋਂ ਹੀ
ਫਿਲਹਾਲ 2023-24 ਦੇ ਪੂਰੇ ਸਾਲ ਪੀ. ਜੀ. ਆਈ. ਆਉਣ ਵਾਲੇ ਮਰੀਜ਼ਾਂ ਦਾ ਡਾਟਾ ਤਿਆਰ ਹੋਣਾ ਬਾਕੀ ਹੈ ਪਰ ਜੇਕਰ 2022-23 ਦੇ ਅੰਕੜੇ ਦੇਖੀਏ ਤਾਂ ਉਸ ਸਾਲ 25 ਲੱਖ 13 ਹਜ਼ਾਰ ਮਰੀਜ਼ ਪੀ. ਜੀ. ਆਈ. ਦੀ ਓ. ਪੀ. ਡੀ. ’ਚ ਆਏ ਸਨ। ਪੰਜਾਬ ਤੋਂ ਬਾਅਦ ਚੰਡੀਗੜ੍ਹ ਤੋਂ ਸਭ ਤੋਂ ਵੱਧ 17.6 ਫੀਸਦੀ ਯਾਨੀ 4 ਲੱਖ 41 ਹਜ਼ਾਰ ਮਰੀਜ਼ ਪੀ. ਜੀ. ਆਈ. ਪਹੁੰਚੇ। ਇਸ ਤਰ੍ਹਾਂ ਜੇਕਰ ਚੰਡੀਗੜ੍ਹ ਤੋਂ ਓ. ਪੀ. ਡੀ. ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਇਸ ਤਰ੍ਹਾਂ ਘੱਟ ਕੀਤੀ ਜਾਏ ਤਾਂ ਮਰੀਜ਼ਾਂ ਦੀ ਸਹੂਲਤ ਦੇ ਨਾਲ-ਨਾਲ ਪੀ. ਜੀ. ਆਈ. ਦੇ ਰਜਿਸਟ੍ਰੇਸ਼ਨ ਕਾਊਂਟਰਾਂ ’ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਅਤੇ ਸਟਾਫ਼ ’ਤੇ ਕੰਮ ਦਾ ਬੋਝ ਵੀ ਘਟੇਗਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਪੰਜਾਬ ’ਚ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਦਾ ਆਗਾਜ਼

ਲੰਬੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ
ਜੇਕਰ ਸਿਰਫ਼ ਚੰਡੀਗੜ੍ਹ ਤੋਂ ਆਉਣ ਵਾਲੇ ਮਰੀਜ਼ ਵੀ ਓ. ਪੀ. ਡੀ. ਲਈ ਸੰਪਰਕ ਕੇਂਦਰਾਂ ਤੋਂ ਰਜਿਸਟ੍ਰੇਸ਼ਨ ਕਰਵਾ ਕੇ ਆਉਂਦੇ ਹਨ ਤਾਂ ਮਰੀਜ਼ਾਂ ਦਾ ਕਾਰਡ ਬਣਵਾਉਣ ਲਈ ਲੱਗਣ ਵਾਲੇ ਪੌਣੇ ਘੰਟੇ ਦਾ ਔਸਤਨ ਸਮਾਂ ਬਚੇਗਾ। ਪੀ. ਜੀ. ਆਈ. ਦੇ ਕਮਿਊਨਿਟੀ ਮੈਡੀਸਨ ਵਿਭਾਗ ਦੀ 2022 ’ਚ ਆਈ ਸਟੱਡੀ ’ਚ ਇਹ ਸਾਹਮਣੇ ਆਇਆ ਸੀ ਕਿ ਮੈਨੂਅਲ ਕਾਰਡ ਬਣਾਉਣ ’ਚ ਔਸਤਨ 45 ਮਿੰਟ ਤੋਂ ਲੈ ਕੇ ਪੌਣਾ ਘੰਟਾ ਲੱਗ ਜਾਂਦਾ ਹੈ ਪਰ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਵੱਧ ਤੋਂ ਵੱਧ 15 ਮਿੰਟਾਂ ’ਚ ਕਾਰਡ ਬਣ ਜਾਂਦਾ ਹੈ। ਇਸ ਸਹੂਲਤ ਨਾਲ ਮਰੀਜ਼ਾਂ ਅਤੇ ਪੀ. ਜੀ. ਆਈ. ਸਟਾਫ਼ ਦਾ ਸਮਾਂ ਵੀ ਬਚੇਗਾ।

2015 ’ਚ ਸ਼ੁਰੂ ਕੀਤੀ ਸੀ ਆਨਲਾਈਨ ਰਜਿਸਟ੍ਰੇਸ਼ਨ
ਪੀ. ਜੀ. ਆਈ. ਪ੍ਰਸ਼ਾਸਨ ਨੇ 2015 ’ਚ ਓ. ਪੀ. ਡੀ. ਆਉਣ ਵਾਲੇ ਮਰੀਜ਼ਾਂ ਲਈ ਘਰ ਬੈਠਿਆਂ ਹੀ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਸੀ। ਪਹਿਲੇ ਕੁਝ ਸਾਲਾਂ ’ਚ ਤਾਂ ਲੋਕਾਂ ਵਲੋਂ ਇਸ ਸਹੂਲਤ ਨੂੰ ਬਹੁਤ ਘੱਟ ਹੁੰਗਾਰਾ ਮਿਲਿਆ। ਪਹਿਲੇ 3-4 ਸਾਲਾਂ ’ਚ ਤਾਂ ਹਾਲਤ ਇਹ ਸੀ ਕਿ ਸਾਲਾਨਾ ਪੀ. ਜੀ. ਆਈ. ਦੀ ਓ. ਪੀ. ਡੀ. ’ਚ ਆਉਣ ਵਾਲੇ ਕੁੱਲ ਮਰੀਜ਼ਾਂ ’ਚੋਂ 10 ਫੀਸਦੀ ਮਰੀਜ਼ਾਂ ਨੇ ਵੀ ਆਨਲਾਈਨ ਰਜਿਸਟ੍ਰੇਸ਼ਨ ਦਾ ਲਾਭ ਨਹੀਂ ਲਿਆ ਸੀ। ਇਸ ਦਾ ਕਾਰਨ ਇਹ ਸੀ ਕਿ ਪੀ. ਜੀ. ਆਈ. ਦੀ ਵੈੱਬਸਾਈਟ ’ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਂਦੇ ਸਮੇਂ ਮੋਬਾਇਲ ’ਤੇ ਸਹੀ ਇੰਟਰਨੈੱਟ ਦੀ ਸਹੀ ਕੁਨੈਕਟੀਵਿਟੀ ਨਾ ਮਿਲਣ ਕਾਰਨ ਆਨਲਾਈਨ ਰਜਿਸਟ੍ਰੇਸ਼ਨ ’ਚ ਦਿੱਕਤ ਆਉਂਦੀ ਸੀ। ਲੋਕਾਂ ’ਚ ਜਾਗਰੂਕਤਾ ਦੀ ਕਮੀ ਅਤੇ ਪੇਂਡੂ ਖੇਤਰਾਂ ’ਚ ਸਿੱਖਿਆ ਦੀ ਘਾਟ ਵਰਗੇ ਕਾਰਨਾਂ ਕਰ ਕੇ ਆਨਲਾਈਨ ਰਜਿਸਟ੍ਰੇਸ਼ਨ ਨੂੰ ਚੰਗਾ ਹੁੰਗਾਰਾ ਨਹੀਂ ਮਿਲਿਆ ਸੀ। ਹਾਲਾਂਕਿ ਹੁਣ ਦੇਸ਼ ਦੇ ਹਰ ਹਿੱਸੇ ਤੋਂ ਲੋਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਰਹੇ ਹਨ।

ਇਹ ਵੀ ਪੜ੍ਹੋ : ਖ਼ੁਲਾਸਾ : ਗੈਂਗਸਟਰ ਗੋਲਡੀ ਬਰਾੜ ਦੇ ਕਹਿਣ ’ਤੇ ਚਲਾਈ ਸੀ ਬਿਜ਼ਨੈੱਸਮੈਨ ਦੀ ਕੋਠੀ ’ਤੇ ਗੋਲੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


Anuradha

Content Editor

Related News