ਗੋਲੀਆਂ ਦੀ ਵਾਛੜ, ਗਰੀਬੀ ਦਾ ਡੇਰਾ, ਉਹੀ ਪਿੰਡ ਹੈ ਮੇਰਾ

11/22/2019 1:56:44 PM

ਜਲੰਧਰ, ਜੰਮੂ-ਕਸ਼ਮੀਰ (ਜੋਗਿੰਦਰ ਸੰਧੂ) - ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਨਾਲ ਸਬੰਧਤ ਸਰਹੱਦੀ ਇਲਾਕੇ ’ਚ ਹਮੇਸ਼ਾ ਹਾਲਾਤ ਨਾਜ਼ੁਕ ਬਣੇ ਰਹਿੰਦੇ ਹਨ। ਇਹ ਇਲਾਕਾ ਉਨ੍ਹਾਂ ਖੇਤਰਾਂ ’ਚੋਂ ਇਕ ਹੈ, ਜਿਥੇ ਪਾਕਿਸਤਾਨ ਵਲੋਂ ਬਹੁਤ ਜ਼ਿਆਦਾ ਗੋਲੀਬਾਰੀ ਕੀਤੀ ਜਾਂਦੀ ਹੈ। ਲੋਕ ਮਰਦੇ ਹਨ, ਜ਼ਖਮੀ ਹੁੰਦੇ ਹਨ, ਪਸ਼ੂਆਂ, ਮਕਾਨਾਂ ਅਤੇ ਖੇਤੀਬਾੜੀ ਦਾ ਨੁਕਸਾਨ ਹੁੰਦਾ ਹੈ, ਇਸ ਦੇ ਬਾਵਜੂਦ ਉਹ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸਹਿਣ ਕਰਕੇ ਉੱਥੇ ਟਿਕੇ ਰਹਿੰਦੇ ਹਨ। ਇਹ ਸਿਲਸਿਲਾ ਕਈ ਦਹਾਕਿਆਂ ਤੋਂ ਚੱਲਿਆ ਆ ਰਿਹਾ ਹੈ। ਪਿਛਲੇ ਦਿਨੀਂ ਇਸੇ ਇਲਾਕੇ ਦੇ ਇਕ ਪਿੰਡ ਠਿਚਕਾ ’ਚ, ਪੰਜਾਬ ਕੇਸਰੀ ਪੱਤਰ ਸਮੂਹ ਦੀ ਮੁਹਿੰਮ ਅਧੀਨ 531ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਜਾਣ ਦਾ ਮੌਕਾ ਮਿਲਿਆ। ਉੱਚੀਆਂ ਪਹਾੜੀਆਂ ਅਤੇ ਸੰਘਣੇ ਸਰਕੰਡਿਆਂ ’ਚ ਘਿਰੇ ਇਸ ਪਿੰਡ ਦੀ ਬਦਕਿਸਮਤੀ ਇਸ ਤੋਂ ਝਲਕਦੀ ਹੈ ਕਿ ਇਥੋਂ ਦੇ ਲੋਕਾਂ ਨੂੰ ਅੱਜ ਤੱਕ ਪੱਕੀ ਸੜਕ ਨਸੀਬ ਨਹੀਂ ਹੋਈ। ਇਲਾਕੇ ’ਚ ਕੋਈ ਢੰਗ ਦਾ ਹਸਪਤਾਲ ਜਾਂ ਸਕੂਲ ਨਹੀਂ ਹੈ। ਬੇਰੋਜ਼ਗਾਰੀ ਅਤੇ ਮਹਿੰਗਾਈ ਦੀ ਮਾਰ ਕਾਰਣ ਹਰ ਪਾਸੇ ਗਰੀਬੀ ਦਾ ਸਾਮਰਾਜ ਹੈ। ਉਧਰ ਪਾਕਿਸਤਾਨ ਵਲੋਂ ਬਿਨਾਂ ਕਾਰਣ ਇਸ ਖੇਤਰ ਨੂੰ ਅਕਸਰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ।

ਪਹਾੜੀ ਪਗਡੰਡੀਆਂ ਤੋਂ ਠੇਡੇ ਖਾਂਦੇ ਲੋਕ ਉਸ ਸ਼ਾਮ ਨੂੰ ਠਿਚਕਾ ਪਿੰਡ ’ਚ ਰਾਹਤ ਸਮੱਗਰੀ ਲੈਣ ਲਈ ਜੁੜੇ ਸਨ। ਲੋਅਰ ਕਾਂਗੜੀ ਪੰਚਾਇਤ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ 325 ਪਰਿਵਾਰਾਂ ਨੂੰ ਇਸ ਮੌਕੇ ’ਤੇ ਰਜਾਈਆਂ ਦੀ ਵੰਡ ਕੀਤੀ ਗਈ। ਇਹ ਰਜਾਈਆਂ ਸੁਦਰਸ਼ਨ ਲਾਲ ਜੈਨ, ਸਵਤੰਤਰ ਲਾਲ ਜੈਨ ਅਤੇ ਪਰਿਵਾਰ ਨੇ ਲੁਧਿਆਣਾ ਤੋਂ ਭਿਜਵਾਈਆਂ ਸਨ। ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਬੀ. ਐੱਸ. ਐੱਫ. ਦੇ ਕਮਾਂਡੈਂਟ ਸ਼੍ਰੀ ਅਰੁਣ ਸਿੰਘ ਨੇ ਕਿਹਾ ਕਿ ਇੰਨੇ ਦੂਰ-ਦੁਰਾਡੇ ਪਹਾੜੀ ਖੇਤਰਾਂ ’ਚ ਰਹਿਣ ਵਾਲੇ ਅਤੇ ਮੁਸ਼ਕਲਾਂ ’ਚ ਘਿਰੇ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪਰਿਵਾਰ ਮਨੁੱਖਤਾ ਦੀ ਵੱਡੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਪਰਿਵਾਰਾਂ ਦੀ ਸੁਰੱਖਿਆ ਲਈ ਬੀ. ਐੱਸ. ਐੱਫ. ਦੇ ਜਵਾਨ ਦਿਨ-ਰਾਤ ਚੌਕਸ ਰਹਿੰਦੇ ਹਨ। ਇਹ ਜਵਾਨ ਕਈ ਵਾਰ ਖਤਰਿਆਂ ਦਾ ਸਾਹਮਣਾ ਕਰ ਕੇ ਲੋਕਾਂ ਦਾ ਬਚਾਅ ਕਰਦੇ ਹਨ, ਉੱਥੇ ਹੀ ਪੰਜਾਬ ਦੇ ਲੋਕ ਸਹਾਇਤਾ ਸਮੱਗਰੀ ਭਿਜਵਾ ਕੇ ਇਨ੍ਹਾਂ ਲੋਕਾਂ ਦਾ ਹੌਸਲਾ ਵਧਾਉਂਦੇ ਹਨ।

ਕਮਾਂਡੈਂਟ ਅਰੁਣ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਵਿਚ ਸਰਹੱਦੀ ਪਿੰਡਾਂ ਦੇ ਲੋਕ ਰਹਿੰਦੇ ਹਨ, ਆਮ ਆਦਮੀ ਉਸ ਦੀ ਕਲਪਨਾ ਵੀ ਨਹੀਂ ਕਰ ਸਕਦਾ। ਇਨ੍ਹਾਂ ਨੂੰ ਸਿਰਫ ਪਾਕਿਸਤਾਨੀ ਸੈਨਿਕਾਂ ਦੀਆਂ ਗੋਲੀਆਂ ਦਾ ਡਰ ਹੀ ਨਹੀਂ ਰਹਿੰਦਾ ਸਗੋਂ ਇਸ ਖੇਤਰ ’ਚ ਜੰਗਲੀ ਜਾਨਵਰਾਂ ਦੀ ਬਹੁਤਾਤ ਹੈ। ਕਈ ਵਾਰ ਇਹ ਜਾਨਵਰ ਪਿੰਡਾਂ ’ਚ ਆ ਕੇ ਨੁਕਸਾਨ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖਤਰਿਆਂ ਦਾ ਸਾਹਮਣਾ ਕਰ ਰਹੇ ਲੋੜਵੰਦ ਪਰਿਵਾਰਾਂ ਲਈ ਸਹਾਇਤਾ ਭਿਜਵਾ ਕੇ ਬਹੁਤ ਪੁੰਨ ਦਾ ਕਾਰਜ ਕੀਤਾ ਜਾ ਰਿਹਾ ਹੈ।

ਸੇਵਾ-ਸਹਾਇਤਾ ਦਾ ਮਾਰਗ ਉੱਤਮ ਹੈ : ਰਾਕੇਸ਼ ਜੈਨ
ਰਾਹਤ ਲੈਣ ਆਏ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਅਤੇ ਲੋੜਵੰਦ ਲੋਕਾਂ ਦੀ ਸੇਵਾ-ਸਹਾਇਤਾ ਕਰਨ ਦਾ ਰਸਤਾ ਸਭ ਤੋਂ ਉੱਤਮ ਹੈ। ਜੋ ਵਿਅਕਤੀ ਨਿਮਾਣੇ-ਨਿਤਾਣੇ ਲੋਕਾਂ ਲਈ ਹੱਥ ਅੱਗੇ ਵਧਾਉਂਦਾ ਹੈ, ਭਗਵਾਨ ਉਸ ’ਤੇ ਕਿਰਪਾ ਜ਼ਰੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ਦਾਨ ਦੇਣ ਨਾਲ ਕਦੇ ਵੀ ਧਨ ਘਟਦਾ ਨਹੀਂ, ਸਗੋਂ ਕਈ ਗੁਣਾ ਵੱਧ ਹੋ ਕੇ ਦਾਨਵੀਰ ਨੂੰ ਮਿਲਦਾ ਹੈ। ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਲੁਧਿਆਣਾ ਦੇ ਸੁਦਰਸ਼ਨ ਜੈਨ ਅਤੇ ਸਵਤੰਤਰ ਜੈਨ ਦਾ ਪਰਿਵਾਰ ਸਮਾਜ ਸੇਵੀ ਹੈ। ਇਸੇ ਕਰ ਕੇ ਇਹ ਪਰਿਵਾਰ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਚਲਾਈ ਜਾ ਰਹੀ ਰਾਹਤ-ਮੁਹਿੰਮ ਵਿਚ ਵਧ-ਚੜ੍ਹ ਕੇ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਦਾਨੀ ਸੱਜਣਾਂ ਅਤੇ ਸੰਸਥਾਵਾਂ ਦੀ ਕਮੀ ਨਹੀਂ ਹੈ। ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।

ਸਰਪੰਚ ਰੌਸ਼ਨ ਲਾਲ ਨੇ ਇਸ ਇਲਾਕੇ ਦੀ ਤ੍ਰਾਸਦੀ ਬਿਆਨ ਕਰਦਿਆਂ ਕਿਹਾ ਕਿ ਜਿਵੇਂ ਹੀ ਸ਼ਾਮ ਢਲਦੀ ਹੈ ਤਾਂ ਗੋਲੀਆਂ ਦੀ ਆਵਾਜ਼ ਗੂੰਜਣ ਲੱਗਦੀ ਹੈ। ਲੋਕ ਸਹਿਮ ਕੇ ਆਪਣੇ ਘਰਾਂ ’ਚ ਬੰਦ ਹੋ ਜਾਂਦੇ ਹਨ। ਰਾਤ ਵੇਲੇ ਲੋਕ ਬੀਮਾਰੀ ਆਦਿ ਦੀ ਸਥਿਤੀ ਵਿਚ ਵੀ ਘਰਾਂ ’ਚੋਂ ਬਾਹਰ ਪੈਰ ਨਹੀਂ ਕੱਢਦੇ। ਪਿੰਡਾਂ ਵਿਚ ਹਸਪਤਾਲ ਨਾ ਹੋਣ ਕਰ ਕੇ ਲੋਕਾਂ ਨੂੰ ਇਲਾਜ ਦੀ ਸਹੂਲਤ ਵੀ ਨਹੀਂ ਹੈ। ਅਜਿਹੀ ਸਥਿਤੀ ਵਿਚ ਕਿਸੇ ਰੋਗੀ ਜਾਂ ਗੋਲੀਬਾਰੀ ਦੇ ਸ਼ਿਕਾਰ ਵਿਅਕਤੀ ਦਾ ਬਚਣਾ ਮੁਸ਼ਕਲ ਹੋ ਜਾਂਦਾ ਹੈ। ਸਰਪੰਚ ਨੇ ਕਿਹਾ ਕਿ ਅਜਿਹੇ ਲਾਚਾਰ ਲੋਕਾਂ ਲਈ ਸਹਾਇਤਾ ਭਿਜਵਾਉਣਾ ਮਹਾਨ ਕਾਰਜ ਹੈ।

ਸਰਹੱਦੀ ਲੋਕਾਂ ਲਈ ਵਿਸ਼ੇਸ਼ ਨੀਤੀ ਬਣਾਈ ਜਾਵੇ : ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਇਲਾਕੇ ਦੇ ਲੋਕਾਂ ਦੀ ਤਰਸਯੋਗ ਅਤੇ ਦੁਖਦਾਈ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ ਦੀ ਭਲਾਈ ਲਈ ਸਰਕਾਰ ਨੂੰ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਪਰਿਵਾਰਾਂ ਨੂੰ ਢੁਕਵੀਂ ਮਦਦ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਲੋਕ ਸਭ ਤਰ੍ਹਾਂ ਦੀਆਂ ਮੁਸ਼ਕਲਾਂ, ਮੁਸੀਬਤਾਂ ਦਾ ਆਪਣੇ ਬਲਬੂਤੇ ’ਤੇ ਹੀ ਸਾਹਮਣਾ ਕਰਦੇ ਹਨ ਅਤੇ ਮਾੜੀ ਗੱਲ ਇਹ ਹੈ ਕਿ ਇਨ੍ਹਾਂ ਤੱਕ ਉਹ ਬੁਨਿਆਦੀ ਸਹੂਲਤਾਂ ਵੀ ਨਹੀਂ ਪੁੱਜਦੀਆਂ, ਜਿਹੜੀਆਂ ਗੈਰ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਮਿਲਦੀਆਂ ਹਨ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਲਈ ਕੋਈ ਅਜਿਹੀ ਨੀਤੀ ਅਮਲ ’ਚ ਲਿਆਉਣੀ ਚਾਹੀਦੀ ਹੈ ਤਾਂ ਜੋ ਜਦੋਂ ਵੀ ਕਿਸੇ ਨਾਗਰਿਕ ਦਾ ਨੁਕਸਾਨ ਹੋਵੇ ਤਾਂ ਉਸ ਨੂੰ ਤੁਰੰਤ ਸਹਾਇਤਾ ਮਿਲ ਸਕੇ। ਬੀਮਾਰੀ ਜਾਂ ਗੋਲੀਬਾਰੀ ਦੇ ਸ਼ਿਕਾਰ ਲੋਕਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਦਾ ਕੰਮ ਵੀ ਸਰਕਾਰ ਦੇ ਜ਼ਿੰਮੇ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਖੇਤਰ ਨੂੰ ਮੋਬਾਇਲ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਬਲਾਕ ਸੰਮਤੀ ਦੇ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ ਨੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਖੇਤਰ ਦੇ ਲੋਕ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਇਸ ਮੌਕੇ ’ਤੇ ਲੁਧਿਆਣਾ ਤੋਂ ਸਮੱਗਰੀ ਲੈ ਕੇ ਪੁੱਜੇ ਸ਼੍ਰੀ ਸੁਦਰਸ਼ਨ ਜੈਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਉਨ੍ਹਾਂ ਤੱਕ ਮਦਦ ਪਹੁੰਚਾਈ ਜਾਵੇਗੀ। ਰਾਹਤ ਵੰਡ ਆਯੋਜਨ ਦੌਰਾਨ ਲੁਧਿਆਣਾ ਤੋਂ ਸ਼੍ਰੀ ਵਿਪਿਨ ਜੈਨ, ਸ਼੍ਰੀਮਤੀ ਕਾਂਤਾ ਜੈਨ, ਮੁਕੇਸ਼ ਜੈਨ, ਮੋਨਿਕਾ ਜੈਨ ਅਤੇ ਰਾਜੇਸ਼ ਭਗਤ ਵੀ ਮੌਜੂਦ ਸਨ।


rajwinder kaur

Content Editor

Related News