ਰੰਜਿਸ਼ ਤਹਿਤ ਸਾਂਢੂ ਦੀ ਧੀ ਨੂੰ ਮਾਰਨ ਲਈ ਬੋਰੀ ’ਚ ਬੰਦ ਕਰ ਖੇਤਾਂ ’ਚ ਸੁੱਟਿਆ, ਖੁਸ਼ਕਿਸਮਤੀ ਨਾਲ ਇੰਝ ਬਚੀ ਜਾਨ

Monday, Mar 21, 2022 - 12:54 PM (IST)

ਅੰਮ੍ਰਿਤਸਰ (ਜਸ਼ਨ)- ਅੰਮ੍ਰਿਤਸਰ ’ਚ ਭਾਬੀ ਨਾਲ ਝਗੜੇ ਤੋਂ ਬਾਅਦ ਮਾਸੀ ਦੇ ਮੁੰਡੇ ਨਾਲ ਮਿਲ ਕੇ 4 ਸਾਲਾ ਮਾਸੂਮ ਬੱਚੀ ਨੂੰ ਬੋਰੀ ’ਚ ਬੰਦ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਮੁਲਜ਼ਮਾਂ ਨੇ ਯੋਜਨਾ ਅਨੁਸਾਰ ਪਹਿਲਾਂ ਉਕਤ ਮਾਸੂਮ ਬੱਚੀ ਨੂੰ ਅਗਵਾ ਕਰ ਕੇ ਬੋਰੀ ਵਿਚ ਬੰਦ ਕਰ ਦਿੱਤਾ ਅਤੇ ਮਾਰਨ ਦੀ ਨੀਅਤ ਨਾਲ ਉਸ ਨੂੰ ਬੋਰੀ ਸਮੇਤ ਖੇਤਾਂ ’ਚ ਸੁੱਟ ਦਿੱਤਾ। ਖੁਸ਼ਕਿਸਮਤੀ ਨਾਲ ਦੋ ਨੌਜਵਾਨਾਂ ਨੇ ਮੁਲਜ਼ਮਾਂ ਨੂੰ ਅਜਿਹਾ ਕਰਦੇ ਦੇਖ ਲਿਆ ਅਤੇ ਸਾਰਾ ਮਾਮਲਾ ਬੇਨਕਾਬ ਹੋ ਗਿਆ। ਫਿਲਹਾਲ ਥਾਣਾ ਲੋਪੋਕੇ ਦੀ ਪੁਲਸ ਨੇ ਇਸ ਸਬੰਧੀ ਕਾਰਵਾਈ ਕਰਦੇ ਹੋਏ ਇਕ ਦੋਸ਼ੀ ਗੁਰਦਿੱਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਦੂਜਾ ਦੋਸ਼ੀ ਘੁੰਗਰੀ ਅਜੇ ਪੁਲਸ ਦੀ ਪਕੜ ਤੋਂ ਦੂਰ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕਰ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਜਾਣੋ ਕੀ ਹੈ ਪੂਰਾ ਮਾਮਲਾ
ਇਹ ਸਾਰਾ ਮਾਮਲਾ ਅੰਮ੍ਰਿਤਸਰ ਦੇਹੜ੍ਹੀ ਅਧੀਨ ਪੈਂਦੇ ਇਲਾਕੇ ਸਾਰੰਗਦਾ ਦਾ ਹੈ। ਬਲਰਾਜ ਸਿੰਘ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਆਪਣੇ ਚਚੇਰੇ ਭਰਾ ਸਵਰਨ ਸਿੰਘ ਨਾਲ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਅੰਮ੍ਰਿਤਸਰ ਵੱਲ ਕਿਸੇ ਕੰਮ ਲਈ ਨਿਕਲਿਆ ਸੀ। ਜਦੋਂ ਉਹ ਲੇਲੀਆ ਰੋਡ 'ਤੇ ਪੁੱਜਾ ਤਾਂ ਉਸ ਨੇ ਦੇਖਿਆ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸਰ੍ਹੋਂ ਦੇ ਖੇਤ ਵਿੱਚ ਚੋਰੀ ਦੇ ਨਾਲ ਇਕ ਬੋਰੀ ਨੂੰ ਸੁੱਟਿਆ। ਸ਼ੱਕ ਹੋਣ ’ਤੇ ਜਦੋਂ ਉਹ ਸੁੱਟੇ ਹੋਏ ਬੋਰੇ ਦੇ ਨੇੜੇ ਗਏ ਤਾਂ ਉਨ੍ਹਾਂ ਨੂੰ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। 

ਉਨ੍ਹਾਂ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਦੌਰਾਨ ਪਿੱਛੇ ਬੈਠਾ ਮੁਲਜ਼ਮ ਗੁਰਦਿੱਤ ਸਿੰਘ (ਜਿਸ ਨੇ ਬੋਰੀ ਸੁੱਟੀ ਸੀ) ਨੂੰ ਕਾਬੂ ਕਰ ਲਿਆ। ਦੂਜਾ ਮੁਲਜ਼ਮ ਘੁੰਗਰੀ ਭੱਜਣ ’ਚ ਕਾਮਯਾਬ ਹੋ ਗਿਆ। ਫੜੇ ਜਾਣ 'ਤੇ ਦੋਸ਼ੀ ਗੁਰਦਿੱਤ ਸਿੰਘ ਨੇ ਖੁਲਾਸਾ ਕੀਤਾ ਕਿ ਕੁਝ ਦਿਨ ਪਹਿਲਾਂ ਉਸ ਦੀ ਆਪਣੇ ਸਾਲੇ ਹਰਪ੍ਰੀਤ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਹਰਪ੍ਰੀਤ ਨੇ ਉਸ ਨੂੰ ਕਾਫੀ ਮੰਦਾ ਬੋਲਿਆ ਸੀ। ਇਸੇ ਰੰਜਿਸ਼ ਤਹਿਤ ਉਪਰੋਕਤ ਦੋਵੇਂ ਮੁਲਜ਼ਮਾਂ ਨੇ ਸਾਡੇ ਨਾਲ ਸਲਾਹ ਕਰਕੇ ਉਸ ਦੀ ਕੁੜੀ ਨੂੰ ਅਗਵਾ ਕਰਕੇ ਮਾਰਨ ਦੀ ਯੋਜਨਾ ਬਣਾਈ। ਪੁਲਸ ਨੇ ਉਕਤ 4 ਸਾਲਾ ਬੱਚੀ ਨੂੰ ਉਸ ਦੀ ਮਾਂ ਕੋਮਲਪ੍ਰੀਤ ਕੌਰ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਦੂਜੇ ਮੁਲਜ਼ਮ ਘੁੰਗਰੀ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ।
 


rajwinder kaur

Content Editor

Related News