ਬਠਿੰਡਾ 'ਚ ਰਿਸ਼ਤੇ ਹੋਏ ਤਾਰ-ਤਾਰ, ਮਾਸੀ ਦਾ ਮੁੰਡਾ ਅੱਠਵੀਂ ਜਮਾਤ 'ਚ ਪੜ੍ਹਦੀ ਭੈਣ ਨੂੰ ਲੈ ਕੇ ਹੋਇਆ ਫ਼ਰਾਰ
Thursday, May 19, 2022 - 10:52 AM (IST)
ਸੰਗਤ ਮੰਡੀ (ਮਨਜੀਤ) : ਬਲਾਕ ਸੰਗਤ ਅਧੀਨ ਪੈਂਦੇ ਇਕ ਪਿੰਡ ’ਚ ਰਿਸ਼ਤੇ ਉਸ ਸਮੇਂ ਤਾਰ-ਤਾਰ ਹੋ ਗਏ ਜਦੋਂ ਕੰਮ ਕਰਵਾਉਣ ਆਇਆ ਮਾਸੀ ਦਾ ਲੜਕਾ ਅੱਠਵੀਂ ਕਲਾਸ ’ਚ ਪੜ੍ਹਦੀ ਆਪਣੀ ਭੈਣ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਫੁਸਲਾ ਕੇ ਘਰੋਂ ਭਜਾ ਕੇ ਲੈ ਗਿਆ। ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਚੱਲਦਿਆਂ ਰੋਹ ’ਚ ਆਏ ਧੀ ਦੇ ਮਾਪਿਆਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਤੰਦੂਰ ਵਾਂਗ ਤਪਦੀ ਦੁਪਹਿਰ ’ਚ ਥਾਣਾ ਸੰਗਤ ਦਾ ਘਿਰਾਓ ਕਰ ਕੇ ਪੁਲਸ ਵਿਰੁੱਧ ਜ਼ੋਰਦਾਰ ਨਾਅਰੇਬਜ਼ੀ ਕੀਤੀ ਗਈ। ਧਰਨੇ ’ਚ ਪਹੁੰਚੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਾਕ ਦੇ ਪਿੰਡ ’ਚ ਨਿਰਮਲ ਸਿੰਘ ਵਾਸੀ ਨਰ ਸਿੰਘ ਕਾਲੋਨੀ ਆਪਣੀ ਮਾਸੀ ਕੋਲ ਕੰਮ ਕਰਵਾਉਣ ਆਇਆ ਸੀ, ਜਿੱਥੇ ਉਹ ਅੱਠਵੀਂ ਕਲਾਸ ’ਚ ਪੜ੍ਹਦੀ ਆਪਣੀ ਭੈਣ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਵਰਗਲਾ ਫੁਸਲਾ ਕੇ ਆਪਣੇ ਮਾਸੜ ਦੇ ਹੀ ਮੋਟਰਸਾਈਕਲ ’ਤੇ ਲੈ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਇਤਲਾਹ ਥਾਣਾ ਸੰਗਤ ’ਚ 23 ਅਪ੍ਰੈਲ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਪਰ ਪੁਲਸ ਵੱਲੋਂ ਦਰਖਾਸਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ
ਉਨ੍ਹਾਂ ਦੱਸਿਆ ਕਿ ਲੜਕਾ ਜਾਂਦਾ ਹੋਇਆ ਉਸ ਦਾ ਮੋਟਰਸਾਈਕਲ, ਮੋਬਾਇਲ ਤੇ 20 ਹਜ਼ਾਰ ਦੀ ਨਕਦੀ ਵੀ ਘਰੋਂ ਚੁੱਕ ਕੇ ਲੈ ਗਿਆ। ਅਖੀਰ ਪੁਲਸ ਵੱਲੋਂ 4 ਮਈ ਨੂੰ ਉਕਤ ਲੜਕੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਪਰ ਲੜਕੇ ਦੀ ਸਾਜਿਸ਼ ’ਚ ਸ਼ਾਮਲ ਉਸ ਦੇ ਪਿਤਾ ਭੋਲਾ ਸਿੰਘ ਤੇ ਮਾਤਾ ਮਨਦੀਪ ਕੌਰ ’ਤੇ ਫਿਰ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁਲਸ ’ਤੇ ਦੋਸ਼ ਲਗਾਇਆ ਕਿ ਇਸ ਮਾਮਲੇ ’ਚ ਇਕ ਔਰਤ ਪੁਲਸ ਤੇ ਲੜਕੇ ਦੇ ਸੰਪਰਕ ’ਚ ਹੈ ਜੋ ਕਾਰਵਾਈ ਨਹੀਂ ਹੋਣ ਦੇ ਰਹੀ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਲੜਕੀ ਬਰਾਮਦ ਕਰਵਾ ਕੇ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਸੈਂਕੜਿਆਂ ਦਾ ਵੱਡਾ ਇਕੱਠ ਕਰ ਕੇ ਥਾਣੇ ਦਾ ਮੁਕੰਮਲ ਤੌਰ ’ਤੇ ਘਿਰਾਓ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ
ਧਰਨਾਕਾਰੀਆਂ ਦੀ ਥਾਣਾ ਮੁਖੀ ਨਾਲ ਮੀਟਿੰਗ ਕਰਵਾਉਣ ਤੋਂ ਬਾਅਦ ਉਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਇਕ ਹਫ਼ਤੇ ਦਾ ਸਮਾਂ ਲੈ ਲਿਆ, ਜਿਸ ’ਤੇ ਧਰਨਾਕਾਰੀਆਂ ਨੇ ਸਹਿਮਤ ਹੁੰਦਿਆਂ ਆਪਣਾ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਫੁੱਲੋ ਮਿੱਠੀ, ਜ਼ਿਲ੍ਹਾ ਤਲਵੰਡੀ ਸਾਬੋ ਦੇ ਪ੍ਰਧਾਨ ਮੱਖਣ ਸਿੰਘ ਗੁਰੂਸਰ, ਬਲਾਕ ਪ੍ਰਧਾਨ ਗੁਰਮੀਤ ਸਿੰਘ ਜੈ ਸਿੰਘ ਵਾਲਾ, ਸਿਵਰਾਜ ਸਿੰਘ ਜਗਾ ਰਾਮ ਤੀਰਥ, ਦਰਸ਼ਨ ਸਿੰਘ ਬਾਜਕ, ਹਰਦੇਵ ਸਿੰਘ ਫੁੱਲੋ ਮਿੱਠੀ, ਕਰਨੈਲ ਸਿੰਘ ਜੈ ਸਿੰਘ ਵਾਲਾ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।
ਕੀ ਕਹਿੰਦੇ ਹਨ ਥਾਣਾ ਮੁਖੀ
ਜਦ ਇਸ ਮਾਮਲੇ ਸਬੰਧੀ ਥਾਣਾ ਮੁਖੀ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲੜਕੇ ਦੀ ਭਾਲ ਜਾਰੀ ਹੈ, ਜਦ ਉਨ੍ਹਾਂ ਤੋਂ ਮਾਮਲਾ ਲੇਟ ਦਰਜ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਲੜਕੇ ਦੇ ਨਾਬਾਲਗ ਹੋਣ ਸਬੰਧੀ ਸਾਰਟੀਫਿਕੇਟ ਦੇਣ ’ਚ ਦੇਰੀ ਹੋਈ ਸੀ, ਉਸ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ