ਇੱਕ ਮਹੀਨੇ ''ਚ 60,000 ਤੋਂ ਵੱਧ ਨਸ਼ਾ-ਪੀੜਤ ਮਰੀਜ਼ਾਂ ਦੀ ਹੋਈ ਰਜਿਸਟ੍ਰੇਸ਼ਨ: ਬਲਬੀਰ ਸਿੱਧੂ

Sunday, Apr 26, 2020 - 01:26 AM (IST)

ਇੱਕ ਮਹੀਨੇ ''ਚ 60,000 ਤੋਂ ਵੱਧ ਨਸ਼ਾ-ਪੀੜਤ ਮਰੀਜ਼ਾਂ ਦੀ ਹੋਈ ਰਜਿਸਟ੍ਰੇਸ਼ਨ: ਬਲਬੀਰ ਸਿੱਧੂ

ਚੰਡੀਗੜ੍ਹ,(ਸ਼ਰਮਾ)- ਸੂਬੇ 'ਚ ਕੋਵਿਡ-19 ਦੇ ਫੈਲਾਅ ਨੂੰ ਕਾਬੂ ਕਰਨ ਲਈ ਲਗਾਏ ਗਏ ਕਰਫਿਊ ਦੌਰਾਨ ਨਸ਼ਾ-ਪੀੜਤਾਂ ਨੂੰ ਨਿਰਵਿਘਨ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਚਲਾਈ ਗਈ ਮੁਹਿੰਮ ਨੂੰ ਵੱਡੇ ਪੱਧਰ 'ਤੇ ਸਫਲਤਾ ਹਾਸਲ ਹੋਈ ਹੈ, ਜਿਸ ਤਹਿਤ ਮਹਿਜ਼ ਇੱਕ ਮਹੀਨੇ ਦੌਰਾਨ ਹੀ 60,000 ਤੋਂ ਵੱਧ ਦੀ ਗਿਣਤੀ 'ਚ ਨਵੀਆਂ ਰਜਿਸਟਰੇਸ਼ਨ ਦਰਜ ਕੀਤੀਆਂ ਗਈਆਂ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਧਿਆਨ 'ਚ ਰੱਖਦਿਆਂ ਓਟ ਕਲੀਨਿਕਾਂ ਦੇ ਖੁੱਲਣ ਦਾ ਸਮਾਂ ਸਵੇਰੇ 8 ਵਜੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਹੁਕਮਾਂ ਅਧੀਨ ਨਸ਼ਾ-ਛੁਡਾਊ ਪ੍ਰੋਗਰਾਮ ਸਮੇਤ ਸਿਹਤ ਵਿਭਾਗ ਦੇ ਸਾਰੇ ਅਤੀ ਜ਼ਰੂਰੀ ਪ੍ਰੋਗਰਾਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਗੰਭੀਰ ਮਰੀਜ਼ਾਂ ਨੂੰ ਵੀ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸਮਾਜ ਸੇਵਕਾਂ ਤੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਇਸ ਨਾਜ਼ੁਕ ਸਮੇਂ ਵਿਚ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਸਿਰਫ ਲੋੜ ਪੈਣ 'ਤੇ ਹੀ ਹਸਪਤਾਲਾਂ ਤੱਕ ਪਹੁੰਚ ਕੀਤੀ ਜਾਵੇ।
ਫਲੂ ਕਾਰਨਰਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਲਈ ਸਰਕਾਰੀ ਹਸਪਤਾਲਾਂ 'ਚ ਫਲੂ ਕਾਰਨਰ ਸਥਾਪਿਤ ਗਏ ਹਨ। ਕੋਵਿਡ-19 ਦੀ ਰੋਕਥਾਮ ਅਤੇ ਨਿਗਰਾਨੀ ਵਧਾਉਣ ਲਈ ਰਾਜ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਫਲੂ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ 'ਚ ਰੈਫਰ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਸਰਕਾਰੀ ਹਸਪਤਾਲਾਂ ਦੇ ਫਲੂ ਕਾਰਨਰਾਂ 'ਚ ਫਲੂ ਦੇ ਲੱਛਣ ਜਿਵੇਂ ਕਿ ਬੁਖ਼ਾਰ, ਖੰਘ, ਸਾਹ ਲੈਣ 'ਚ ਤਕਲੀਫ਼, ਨਮੂਨਿਆਂ ਆਦਿ ਦੇ ਸਾਰੇ ਮਰੀਜਾਂ ਦੀ ਮੁਫ਼ਤ ਆਰਟੀ-ਪੀਸੀਆਰ ਟੈਸਟਿੰਗ ਕੀਤੀ ਜਾਵੇਗੀ।
ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਸਾਰੇ ਜਿਲਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਸ ਮੁਹਿੰਮ ਜ਼ਰੀਏ ਯਕੀਨੀ ਬਣਾਇਆ ਜਾਵੇਗਾ ਕਿ ਕੋਵਿਡ-19 ਦਾ ਇੱਕ ਵੀ ਸ਼ੱਕੀ ਮਰੀਜ਼ ਜਾਂਚ ਤੋਂ ਵਾਂਝਾ ਨਾ ਰਹਿ ਸਕੇ ਤਾਂ ਜੋ ਇਸ ਬਿਮਾਰੀ ਦੇ ਜਨਤਕ ਪੱਧਰ ਤੇ ਫ਼ੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ 'ਚ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਸਾਰੇ ਕੈਮਿਸਟਾਂ ਨੂੰ ਫਲੂ, ਖੰਘ ਅਤੇ ਜ਼ੁਕਾਮ ਦੇ ਇਲਾਜ ਲਈ ਵੇਚੀਆਂ ਜਾਣ ਵਾਲੀਆਂ ਦਵਾਈਆਂ, ਖਰੀਦਦਾਰ ਦੀ ਜਾਣਕਾਰੀ ਸਮੇਤ ਦੇਣ ਲਈ ਵੀ ਆਦੇਸ਼ ਦਿੱਤੇ ਗਏ ਹਨ।
ਈ-ਸੰਜੀਵਨੀ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲੋਕ ਹਿੱਤ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਨੇ ਸੀ-ਡੈਕ ਮੁਹਾਲੀ ਵਲੋਂ ਵਿਕਸਤ ਏਕੀਕ੍ਰਿਤ ਟੈਲੀਮੇਡੀਸਨਲ ਸਲਿਊਸ਼ਨ, ਈ-ਸੰਜੀਵਨੀ-ਆਨਲਾਈਨ ਓਪੀਡੀ ਸੇਵਾ (ਡਾਕਟਰ ਤੋਂ ਮਰੀਜ਼ ਤੱਕ) ਦੀ ਸ਼ੁਰੂਆਤ ਕੀਤੀ ਹੈ। ਇਹ ਉਪਰਾਲਾ ਪੇਂਡੂ ਖੇਤਰਾਂ ਦੇ ਆਮ ਲੋਕਾਂ ਲਈ ਵਿਸ਼ੇਸ਼ ਸਿਹਤ ਸੇਵਾਵਾਂ ਦੀ ਪਹੁੰਚਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਓ. ਪੀ. ਡੀ. ਦੀਆਂ ਸੇਵਾਵਾਂ ਮੁਹੱੱਈਆ ਕਾਰਵਾਈਆਂ ਜਸ ਸਕਣ। ਉਨ੍ਹਾਂ ਦੱਸਿਆ ਕਿ ਇਹ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਹਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।


author

Bharat Thapa

Content Editor

Related News