ਪਿੰਡ ਪੰਧੇਰ ਦੇ ਲੋਕਾਂ ਨੇ ਸਹਿਕਾਰੀ ਸਭਾ ਦੇ ਰਜਿਸਟਰਾਰ ਦਫਤਰ ਦਾ ਕੀਤਾ ਘਿਰਾਓ
Thursday, Oct 26, 2017 - 11:14 AM (IST)
ਬਰਨਾਲਾ (ਪੁਨੀਤ ਮਾਨ) — ਬਰਨਾਲਾ ਦੇ ਪਿੰਡ ਪੰਧੇਰ ਦੇ ਲੋਕਾਂ ਨੇ ਅੱਜ ਇਥੋਂ ਦੇ ਸਹਿਕਾਰੀ ਸਭਾ ਦੇ ਰਜਿਸਟਰਾਰ ਦਫਤਰ ਦਾ ਘਿਰਾਓ ਕਰਕੇ ਨਾਅਰੇਬਾਜੀ ਕੀਤੀ। ਲੋਕਾਂ ਦਾ ਦੋਸ਼ ਹੈ ਕਿ ਇਥੋਂ ਦੇ ਅਫਸਰ ਗਬਨ ਦੇ ਕੇਸ 'ਚ ਦੋਸ਼ੀ ਵਿਅਕਤੀ ਨੂੰ ਰਿਸ਼ਵਤ ਲੈ ਕੇ ਉਨ੍ਹਾਂ ਦੇ ਪਿੰਡ ਦੀ ਸਹਿਕਾਰੀ ਸਭਾ 'ਚ ਸੈਕਟਰੀ ਲਗਾ ਰਹੇ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਹਿਲਾ ਰਹਿ ਚੁੱਕੇ ਸੈਕਟਰੀ ਨੂੰ ਪਿੰਡ ਦੀ ਸਹਿਕਾਰੀ ਸਭਾ 'ਚ ਗਬਨ ਦੇ ਕੇਸ 'ਚ 10 ਸਾਲ ਦੀ ਸਜ਼ਾ ਹੋ ਚੁੱਕੀ ਹੈ ਤੇ 1 ਹਜ਼ਾਰ ਜ਼ੁਰਮਾਨਾ ਹੋਇਆ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਸੈਕਟਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਉਨ੍ਹਾਂ ਦੱਸਿਆ ਕਿ ਹੁਣ ਉਹ ਜ਼ਮਾਨਤ 'ਤੇ ਬਾਹਰ ਆਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬਰਨਾਲਾ ਦੇ ਰਜਿਸਟਰਾਰ ਰਿਸ਼ਵਤ ਲੈ ਕੇ ਦੋਸ਼ੀ ਸੈਕਟਰੀ ਨੂੰ ਮੁੜ ਉਸੇ ਅਹੁਦੇ 'ਤੇ ਸੈਕਟਰੀ ਲਗਾ ਰਹੇ ਹਨ। ਉਨ੍ਹਾਂ ਨੇ ਸੈਕਟਰੀ ਦੀ ਸਿੱਖਿਆ ਸੰਬੰਧੀ ਦਸਤਾਵੇਜ਼ਾਂ ਦੇ ਨਕਲੀ ਹੋਣ ਦਾ ਸ਼ੱਕ ਵੀ ਜਤਾਇਆ ਹੈ। ਲੋਕਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਉਹ ਦੋਸ਼ੀ ਨੂੰ ਪਿੰਡ ਦੀ ਸਹਿਕਾਰੀ ਸਭਾ ਦਾ ਸੈਕਟਰੀ ਕਿਸੇ ਵੀ ਕੀਮਤ 'ਤੇ ਨਹੀਂ ਲੱਗਣ ਦੇਣਗੇ।
ਦੂਜੇ ਪਾਸੇ ਇਸ ਮਾਮਲੇ 'ਚ ਰਜਿਸਟਰਾਰ ਗੁਰਪਿਆਰ ਸਿੰਘ ਨੇ ਆਪਣੇ 'ਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸੈਕਟਰੀ ਕੋਲੋਂ ਕੋਈ ਪੈਸਾ ਨਹੀਂ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸੈਕਟਰੀ ਨੂੰ ਜੁਆਇੰਨ ਕਰਵਾ ਕੇ ਉਹ ਸਿਰਫ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਅਰ ਕੋਰਟ 'ਚ ਉਨ੍ਹਾਂ ਦੇ ਖਿਲਾਫ ਫੈਸਲਾ ਹੋਇਆ ਹੈ। ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਸੈਕਟਰੀ ਦੇ ਪੱਖ 'ਚ ਫੈਸਲਾ ਕੀਤਾ ਹੈ। ਉਨ੍ਹਾਂ ਇਹ ਮੰਨਿਆ ਕਿ ਜਨਤਾ ਦੀ ਸਹਿਮਤੀ ਜ਼ਰੂਰੀ ਹੈ ਪਰ ਉਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਪ੍ਰਦਰਸ਼ਨ ਨੂੰ ਗੁੱਟਬਾਜ਼ੀ ਕਰਾਰ ਦਿੱਤਾ।
