ਸਿੱਖ ਵਿਰਸਾ ਕੌਂਸਲ ਦੇ ਮੈਂਬਰ ਜਸਵੀਰ ਸਿੰਘ ਖਾਲਸਾ ਖਿਲਾਫ ਕੇਸ ਦਰਜ
Monday, Jan 29, 2018 - 01:00 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ) - ਫੇਸਬੁੱਕ 'ਤੇ ਲਾਈਵ ਚਲਾ ਕੇ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਨੂੰ ਲੈ ਕੇ ਸਿਟੀ ਥਾਣੇ ਦੀ ਪੁਲਸ ਨੇ ਸਿੱਖ ਵਿਰਸਾ ਕੌਂਸਲ ਦੇ ਮੈਂਬਰ ਜਸਵੀਰ ਸਿੰਘ ਖਾਲਸਾ ਵਿਰੁੱਧ ਕੇਸ ਦਰਜ ਕੀਤਾ ਹੈ। ਹਾਲਾਂਕਿ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਬਾਕੀ ਹੈ। ਵਾਲਮੀਕਿ ਸਮਾਜ ਦੇ ਵਫ਼ਦ ਨੇ ਪ੍ਰਧਾਨ ਅਸ਼ੋਕ ਉਜਨੀਵਾਲ ਦੀ ਅਗਵਾਈ 'ਚ ਥਾਣਾ ਮੁਖੀ ਤੇਜਿੰਦਰਪਾਲ ਸਿੰਘ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਸਿੱਖ ਵਿਰਸਾ ਕੌਂਸਲ ਦਾ ਆਗੂ ਜਸਵੀਰ ਸਿੰਘ ਖਾਲਸਾ ਨੇ ਉਨ੍ਹਾਂ ਦੇ ਪਵਿੱਤਰ ਤੀਰਥ ਅਸਥਾਨ ਸ਼੍ਰੀ ਰਾਮ ਤੀਰਥ ਅੰਮ੍ਰਿਤਸਰ ਸਾਹਿਬ ਸਬੰਧੀ ਅਪਸ਼ਬਦਾਂ ਦਾ ਪ੍ਰਯੋਗ ਕੀਤਾ ਹੈ। ਇਸ ਤੋਂ ਇਲਾਵਾ ਮੇਲਾ ਮਾਘੀ 'ਤੇ ਆਏ ਕੁਝ ਸਾਧੂਆਂ ਨੂੰ ਗਿਆਨ ਨਾਥ ਆਸ਼ਰਮ (ਰਾਮ ਤੀਰਥ) ਅੰਮ੍ਰਿਤਸਰ ਦੇ ਚੇਲੇ ਦੱਸਦੇ ਹੋਏ ਕਿਹਾ ਕਿ ਇਹ ਸਾਧੂ ਆਪਣੇ ਨਾਲ ਸ਼ਰਾਬ ਲਈ ਘੁੰਮਦੇ ਹਨ, ਜਦਕਿ ਇਨ੍ਹਾਂ ਸਾਧੂਆਂ ਦਾ ਉਕਤ ਆਸ਼ਰਮ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜਸਵੀਰ ਖਾਲਸਾ ਵੱਲੋਂ ਇਸ ਆਸ਼ਰਮ ਦੇ ਪ੍ਰਤੀ ਅਪਸ਼ਬਦ ਬੋਲਣ ਨਾਲ ਸਮੂਹ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਉੱਧਰ ਥਾਣਾ ਸਿਟੀ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫਿਲਹਾਲ ਸ਼ਿਕਾਇਤ ਦੇ ਆਧਾਰ 'ਤੇ ਜਸਵੀਰ ਸਿੰਘ ਖਾਲਸਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।