ਸੁਖਬੀਰ ਸਿੰਘ ਬਾਦਲ ਨੇ ’ਲਹਿੰਦੇ’ ਤੇ ’ਚੜ੍ਹਦੇ’ ਪੰਜਾਬ ਦੇ ਲੋਕਾਂ ਦੀਆਂ ਮੁਸੀਬਤਾਂ ਦੇ ਖ਼ਾਤਮੇ ਲਈ ਕੀਤੀ ਅਰਦਾਸ

Sunday, Aug 31, 2025 - 06:10 PM (IST)

ਸੁਖਬੀਰ ਸਿੰਘ ਬਾਦਲ ਨੇ ’ਲਹਿੰਦੇ’ ਤੇ ’ਚੜ੍ਹਦੇ’ ਪੰਜਾਬ ਦੇ ਲੋਕਾਂ ਦੀਆਂ ਮੁਸੀਬਤਾਂ ਦੇ ਖ਼ਾਤਮੇ ਲਈ ਕੀਤੀ ਅਰਦਾਸ

ਕਰਤਾਰਪੁਰ ਸਾਹਿਬ ਲਾਂਘਾ (ਗੁਰਦਾਸਪੁਰ)/ ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੰਗਤਾਂ ਨਾਲ ਰਲ ਕੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ’ਲਹਿੰਦੇ’ ਅਤੇ ’ਚੜ੍ਹਦੇ’ ਪੰਜਾਬ ਦੇ ਲੋਕ ਦੀਆਂ ਮੁਸ਼ਕਿਲਾਂ ਖ਼ਤਮ ਹੋਣ ਜੋ ਕਿ ਭਾਰੀ ਹੜ੍ਹਾਂ ਦੀ ਮਾਰ ਹੇਠ ਹਨ ਤੇ ਹੜ੍ਹਾਂ ਕਾਰਨ ਹਜ਼ਾਰਾਂ-ਲੱਖਾਂ ਲੋਕ ਪ੍ਰਭਾਵਤ ਹੋਏ ਹਨ। ਇਹ ਅਰਦਾਸ ਜੋ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਵੇਸ਼ ਦੁਆਰ ’ਤੇ ਕੀਤੀ ਗਈ, ਵਿਚ ਅਕਾਲ ਪੁਰਖ ਅੱਗੇ ਇਹ ਵੀ ਬੇਨਤੀ ਜੋਧੜੀ ਕੀਤੀ ਗਈ ਕਿ ਭਾਰੀ ਮੀਂਹ ਰੋਕ ਜਾਣ ਜਿਸ ਨਾਲ ਸਰਹੱਦ ਦੇ ਦੋਵੇਂ ਪਾਸੇ ਲੱਖਾਂ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆਈ ਹੋਈ ਹੈ। ਉਨ੍ਹਾਂ ਨੇ ਅਕਾਲ ਪੁਰਖ ਅੱਗੇ ਇਹ ਵੀ ਅਰਦਾਸ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਦੀ ਵੀ ਬਖਸ਼ਿਸ਼ ਕਰਨ।

ਇਸ ’ਅਰਦਾਸ’ ਵਿਚ ਹੜ੍ਹ ਮਾਰੇ ਪਿੰਡਾਂ ਦੇ ਸੈਂਕੜੇ ਲੋਕ ਅਤੇ ਅਕਾਲੀ ਆਗੂ ਤੇ ਵਰਕਰ ਵੀ ਸ਼ਾਮਲ ਹੋਏ। ਸਰਦਾਰ ਬਾਦਲ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਜਿਸਨੇ ਪਹਿਲ ਦੇ ਆਧਾਰ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸਫਾਈ ਕਰਵਾਈ ਜੋ ਕਿ ਹੜ੍ਹਾਂ ਦੇ ਪਾਣੀ ਵਿਚ ਘਿਰ ਗਿਆ ਸੀ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਵੇ ਤਾਂ ਜੋ ਪੰਜਾਬ ਤੇ ਹੋਰ ਭਾਗਾਂ ਤੋਂ ਸੰਗਤਾਂ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਗੁਰੂ ਘਰ ਦੀ ਸਫਾਈ ਦੀ ਸੇਵਾ ਵਿਚ ਭਾਗ ਲੈ ਸਕਣ।

PunjabKesari

ਅਕਾਲੀ ਦਲ ਦੇ ਪ੍ਰਧਾਨ ਜੋ ਗੁਰਦਾਸਪੁਰ, ਡੇਰਾ ਬਾਬਾ ਨਾਨਕ ਤੇ ਸ੍ਰੀ ਹਰਿਗੋਬਿੰਦਪੁਰ ਦੇ ਹੜ੍ਹ ਮਾਰੇ ਇਲਾਕਿਆਂ ਦੇ ਦੌਰੇ ਦੌਰਾਨ ਲਾਂਘੇ ਵਿਖੇ ਪਹੁੰਚੇ, ਨੇ ਕਿਹਾ ਕਿ ਹੜ੍ਹਾਂ ਕਾਰਨ ਲੋਕ ਵੱਡੀਆਂ ਮੁਸ਼ਕਿਲਾਂ ਵਿਚ ਹਨ ਕਿਉਂਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਸਮੇਂ ਸਿਰ ਹੜ੍ਹ ਰੋਕੂ ਕਦਮ ਚੁੱਕਣ ਵਿਚ ਨਾਕਾਮ ਰਹੀ ਹੈ ਅਤੇ ਇਸ ਕਾਰਨ ਲੱਖਾਂ ਲੋਕ ਹੜ੍ਹਾਂ ਦੇ ਪਾਣੀ ਵਿਚ ਘਿਰ ਗਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਆਪ ਸਰਕਾਰ ਮਾਧੋਪੁਰ ਬੰਨ (ਬੈਰਜ) ਦੀ ਮਜ਼ਬੂਤੀ ਵਾਸਤੇ ਪੈਸੇ ਜਾਰੀ ਕਰਨ ਵਿਚ ਨਾਕਾਮ ਰਹੀ ਜਿਸ ਕਾਰਨ ਉਸਦੇ ਗੇਟ ਟੁੱਟ ਗਏ ਤੇ ਹੜ੍ਹਾਂ ਦੀ ਮਾਰ ਵੱਧ ਗਈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੰਡਸਟਰੀ ਐਸੋਸੀਏਸ਼ਨਾਂ ਤੇ ਸ਼ਹਿਰੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋੜ ਵੇਲੇ ਪਿੰਡਾਂ ਵਾਲੇ ਭਰਾਵਾਂ ਦੀ ਮਦਦ ਵਾਸਤੇ ਅੱਗੇ ਆਉਣ। ਉਨ੍ਹਾਂ ਕਿਹਾ ਕਿ ਅੱਜ ਅੰਨਦਾਤਾ ਮੁਸ਼ਕਿਲ ਵਿਚ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਮਦਦ ਵਿਚ ਨਿੱਤਰੀਏ। ਉਨ੍ਹਾਂ ਨੇ ਹਰੇਕ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਮਦਦ ਵਾਸਤੇ ਅੱਗੇ ਆਉਣ। ਉਨ੍ਹਾਂ ਕਿਹਾ ਕਿ ਇਸ ਵਾਸਤੇ ਸ੍ਰੀ ਦਰਬਾਰ ਸਾਹਿਬ ਵਿਖੇ ਦਸਵੰਧ ਦਿੱਤਾ ਜਾ ਸਕਦਾ ਹੈ ਜਿਥੋਂ ਉਹ ਮੈਡੀਕਲ ਸਹਾਇਤਾ ਦੇ ਨਾਲ-ਨਾਲ ਦੁਧਾਰੂ ਪਸ਼ੂਆਂ ਦੀ ਮੌਤ ਹੋਣ ’ਤੇ ਬਿਮਾਰੀ ਫੈਲਣ ਤੋਂ ਰੋਕਣ ਅਤੇ ਰਾਹਤ ਕਾਰਜਾਂ ਵਾਸਤੇ ਭਾਰੀ ਕਿਸ਼ਤੀਆਂ ਲੈਣ ਵਾਸਤੇ ਖਰਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਇਸ ਵਾਸਤੇ ਲਾਜ਼ਮੀ ਹੈ ਕਿਉਂਕਿ ਸਰਕਾਰ ਆਪਣਾ ਫਰਜ਼ ਨਿਭਾਉਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਲੰਗਰ ਅਤੇ ਮੈਡੀਕਲ ਕੈਂਪ ਲਗਾਉਣ ’ਤੇ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ ਵੀ ਕੀਤੀ।

PunjabKesari

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਭਾਰੀ ਬਰਸਾਤ ਵਿਚ ਵੀ ਪਿੰਡਾਂ ਦਾ ਦੌਰਾ ਕੀਤਾ, ਦਾ ਹਰ ਪਿੰਡ ਵਿਚ ਲੋਕਾਂ ਦੇ ਨਿੱਘਾ ਸਵਾਗਤ ਕੀਤਾ ਤੇ ਸਥਾਨਕ ਲੋਕ ਉਹਨਾਂ ਨੂੰ ਮਿਲਣ ਲਈ ਵੱਡੀ ਗਿਣਤੀ ਵਿਚ ਅੱਗੇ ਆਏ ਅਤੇ ਉਹਨਾਂ ਅਫਸੋਸ ਕੀਤਾ ਕਿ ਆਪ ਸਰਕਾਰ ਤੋਂ ਕੋਈ ਵੀ ਉਹਨਾਂ ਦੀ ਮਦਦ ਵਾਸਤੇ ਅੱਗੇ ਨਹੀਂ ਆਇਆ। ਲੋਕਾਂ ਨੇ ਦੱਸਿਆ ਕਿ ਜਾਂ ਤਾਂ ਸਰਕਾਰੀ ਅਧਿਕਾਰੀ ਹੜ੍ਹ ਪ੍ਰਭਾਵਤ ਪਿੰਡਾਂ ਵਿਚ ਨਹੀਂ ਆਏ ਅਤੇ ਜੇਕਰ ਆਏ ਵੀ ਤਾਂ ਉਨ੍ਹਾਂ ਨੇ ਸਪਸ਼ਟ ਕਿਹਾ ਕਿ ਉਨ੍ਹਾਂ ਕੋਲ ਕੋਈ ਪੈਸਾ ਨਹੀਂ ਹੈ ਤੇ ਉਹ ਹੜ੍ਹਾਂ ਤੋਂ ਰਾਹਤ ਵਾਸਤੇ 1000 ਰੁਪਏ ਵੀ ਨਹੀਂ ਖਰਚ ਸਕਦੇ। ਉਹਨਾਂ ਸਵਾਲ ਕੀਤਾ ਕਿ ਸਰਕਾਰ ਦੀ ਜ਼ਰੂਰਤ ਕੀ ਹੈ ? ਪਿੰਡਾਂ ਵਾਲਿਆਂ ਨੇ ਕਿਹਾ ਕਿ ਉਹ 2027 ਦੀ ਉਡੀਕ ਕਰ ਰਹੇ ਹਨ ਤਾਂ ਜੋ ਸਾਡੀ ਪੰਥਕ ਸਰਕਾਰ ਵਾਪਸ ਆਵੇ।

ਸਰਦਾਰ ਬਾਦਲ ਨੇ ਇਸ ਮੌਕੇ ਬਟਾਲਾ ਦੇ ਪਾਰਟੀ ਵਰਕਰਾਂ ਵੱਲੋਂ ਹੜ੍ਹ ਮਾਰੇ ਲੋਕਾਂ ਦੀ ਮਦਦ ਵਾਸਤੇ ਇਕੱਠਾ ਕੀਤਾ 10 ਟਰਾਲੀਆਂ ਰਾਸ਼ਨ ਤੇ ਜ਼ਰੂਰੀ ਵਸਤਾਂ ਵੰਡੀਆਂ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੇੜਲੇ ਇਲਾਕੇ ਵਿਚ 7 ਟਰਾਲੀਆਂ ਸਮਾਨ ਵੰਡਿਆ ਗਿਆ। ਉਨ੍ਹਾਂ ਨੇ ਦੀਨਾਨਗਰ ਤੋਂ ਪਾਰਟੀ ਵੱਲੋਂ ਇਕੱਠਾ ਕੀਤਾ 100 ਟਰਾਲੀਆਂ ਰਾਸ਼ਨ, ਪਸ਼ੂਆਂ ਲਈ ਹਰਾ ਤੇ ਸੁੱਕਾ ਚਾਰਾ, ਇੱਟਾਂ ਤੇ ਦੋ ਜੇ ਸੀ ਬੀ ਮਸ਼ੀਨਾਂ ਵੀ ਪ੍ਰਦਾਨ ਕੀਤੀਆਂ। ਪਿੰਡਾਂ ਦੇ ਦੌਰੇ ਕਰਨ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਨੇ ’ਗੁੱਜਰਾਂ’ ਨਾਲ ਉਹਨਾਂ ਦੇ ਡੇਰੇ ’ਤੇ ਮੁਲਾਕਾਤ ਵੀ ਕੀਤੀ ਤੇ ਉਹਨਾਂ ਨੂੰ ਵੀ ਦੁਧਾਰੂ ਪਸ਼ੂਆਂ ਵਾਸਤੇ ਚਾਰਾ ਪ੍ਰਦਾਨ ਕੀਤਾ।

ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ,ਗੁਰਬਚਨ ਸਿੰਘ ਬੱਬੇਹਾਲੀ, ਕੈਪਟਨ ਬਲਬੀਰ ਸਿੰਘ ਬਾਠ, ਰਾਜਨਬੀਰ ਸਿੰਘ ਘੁੰਮਣ, ਸੁਰਜੀਤ ਸਿੰਘ ਤੁਗਲਵਾਲ, ਰਮਨ ਸਿੰਘ ਸੰਧੂ, ਗੁਰਇਕਬਾਲ ਸਿੰਘ ਮਾਹਲ, ਸੁਖਬੀਰ ਸਿੰਘ ਵੱਲ੍ਹਾ, ਨਰੇਸ਼ ਮਹਾਜਨ ਅਤੇ ਪਰਮਬੀਰ ਲਾਡੀ ਵੀ ਹਾਜ਼ਰ ਸਨ।


author

Shivani Bassan

Content Editor

Related News