ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ
Monday, Aug 25, 2025 - 05:42 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਭਾਵੇਂ ਬੀਤੇ ਕੱਲ੍ਹ ਤੋਂ ਪੈ ਰਹੀ ਬਰਸਾਤ ਨੇ ਠੰਡ ਦਾ ਅਹਿਸਾਸ ਕਰਵਾਇਆ ਹੋਇਆ ਹੈ, ਪਰ ਬਰਨਾਲਾ ਟਰੱਕ ਯੂਨੀਅਨ ਦੀ ਕੰਡੇ ਵਾਲੀ ਜਗ੍ਹਾ ਨੂੰ ਲੀਜ਼ 'ਤੇ ਦੇਣ ਦੇ ਮੁੱਦੇ ਨੇ ਰਾਜਨੀਤਿਕ ਗਲਿਆਰਿਆਂ ਵਿੱਚ ਮਾਹੌਲ ਨੂੰ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਇਸ ਗੰਭੀਰ ਮਾਮਲੇ ‘ਤੇ ਅੱਜ ਸਾਬਕਾ ਕੈਬਨਟ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰੈਸ ਕਾਨਫਰੰਸ ਕਰਕੇ ਵਿਰੋਧੀਆਂ ਨੂੰ ਸਿੱਧਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੀ ਜ਼ਮੀਨ ਲੀਜ਼ 'ਤੇ ਦੇਣ ਦਾ ਸਮਝੌਤਾ 14 ਜੂਨ ਨੂੰ ਹੋਇਆ ਸੀ ਅਤੇ 16 ਜੂਨ ਨੂੰ ਉਸ ਨੂੰ ਰੱਦ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਸਿਰਫ਼ ਮੀਤ ਹੇਅਰ ਦੇ ਖਿਲਾਫ ਬੋਲਣ ਦੇ ਬਹਾਨੇ ਭਾਲਦੇ ਹਨ ਤਾਂ ਜੋ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਵਿਊਜ਼ ਮਿਲ ਸਕਣ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਟਰੱਕ ਯੂਨੀਅਨ ਦੀ ਜ਼ਮੀਨ ਨੂੰ ਲੀਜ਼ 'ਤੇ ਜਾਂ ਪੈਟਰੋਲ ਪੰਪ ਲਾਉਣ ਲਈ ਕੋਈ ਵੀ ਸਮਝੌਤਾ ਕਰਨ ਤੋਂ ਪਹਿਲਾਂ ਸਾਰੇ ਟਰੱਕ ਆਪਰੇਟਰਾਂ ਦੀ ਸਹਿਮਤੀ ਲਈ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਹੁਣ ਵੀ ਉਹ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਲਈ ਆਖਣਗੇ।
“ਮੇਰੇ ਖਿਲਾਫ ਕਦੇ ਭ੍ਰਿਸ਼ਟਾਚਾਰ ਦਾ ਦੋਸ਼ ਸਾਬਤ ਨਹੀਂ ਹੋਇਆ
ਮੀਤ ਹੇਅਰ ਨੇ ਵਿਰੋਧੀਆਂ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ 'ਤੇ ਜਵਾਬ ਦਿੰਦਿਆਂ ਕਿਹਾ, "ਮੈਂ ਦਸ-ਦਸ ਮਹਿਕਮਿਆਂ ਦਾ ਮੰਤਰੀ ਰਿਹਾ ਹਾਂ ਅਤੇ ਵੱਡੇ-ਵੱਡੇ ਮੰਤਰਾਲੇ ਮੇਰੇ ਕੋਲ ਰਹੇ ਹਨ, ਪਰ ਕੋਈ ਵੀ ਮੇਰੇ ਵੱਲ ਭ੍ਰਿਸ਼ਟਾਚਾਰ ਸੰਬੰਧੀ ਉਂਗਲ ਨਹੀਂ ਚੁੱਕ ਸਕਦਾ।" ਉਨ੍ਹਾਂ ਕਿਹਾ ਕਿ ਹੁਣ ਤਾਂ ਸਾਡੀ ਸਰਕਾਰ ਹੈ, ਪਰ ਮੇਰੇ ਮਹਿਕਮੇ ਦੇ ਪ੍ਰਿੰਸੀਪਲ ਸਕੱਤਰ ਰਹੇ ਆਈਏਐਸ ਅਧਿਕਾਰੀ ਆਪਣੀ ਸੇਵਾਮੁਕਤੀ ਤੋਂ ਬਾਅਦ ਵੀ ਇਹ ਨਹੀਂ ਆਖ ਸਕਦੇ ਕਿ ਮੀਤ ਹੇਅਰ ਨੇ ਕਦੇ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਕਰਨ ਬਾਰੇ ਸੋਚਿਆ ਵੀ ਸੀ।
ਉਨ੍ਹਾਂ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹੇ ਗੁਰਦੀਪ ਬਾਠ ਬਾਰੇ ਆਖਿਆ ਕਿ ਉਨ੍ਹਾਂ ਨੂੰ ਮੈਂ ਹੀ ਪਾਰਟੀ ਵਿੱਚ ਲੈ ਕੇ ਆਇਆ ਸੀ ਅਤੇ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ। ਦੂਜੀ ਵਾਰ ਜਦੋਂ ਸਾਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਦਲੇ ਗਏ ਤਾਂ ਵੀ ਮੈਂ ਹੀ ਉਨ੍ਹਾਂ ਨੂੰ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਾਇਆ ਅਤੇ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ। ਮੈਂ ਸਾਫ਼ ਦਿਲ ਦਾ ਵਿਅਕਤੀ ਹਾਂ ਅਤੇ ਮੇਰੇ ਅੰਦਰ ਕਦੇ ਨਾ ਕਿਸੇ ਲਈ ਮੈਲ ਰਹੀ ਹੈ ਅਤੇ ਨਾ ਹੀ ਮੈਂ ਨਿੱਜੀ ਦੂਸ਼ਣਬਾਜ਼ੀ ਕਿਸੇ ਦੇ ਖਿਲਾਫ ਕੀਤੀ ਹੈ।
ਮੀਤ ਹੇਅਰ ਨੇ ਅੱਗੇ ਕਿਹਾ ਕਿ ਪਹਿਲਾਂ 2022 ਦੀਆਂ ਲੋਕ ਸਭਾ ਚੋਣਾਂ ਵਿੱਚ ਅਤੇ ਮਗਰੋਂ 2024 ਦੀ ਲੋਕ ਸਭਾ ਦੇ ਜ਼ਿਮਨੀ ਚੋਣ ਵਿੱਚ ਮੈਂ ਗੁਰਦੀਪ ਬਾਠ ਨੂੰ ਹੀ ਟਿਕਟ ਦਵਾਉਣ ਲਈ ਜ਼ੋਰ ਲਾਇਆ ਸੀ, ਪਰ ਪਾਰਟੀ ਨੇ ਮੈਨੂੰ ਟਿਕਟ ਦੇ ਦਿੱਤੀ। ਉਨ੍ਹਾਂ ਕਿਹਾ, "ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੇਰੇ ਨਾਲ ਪੰਜ ਸਾਲ ਵਿਰੋਧੀ ਧਿਰ ਵਿੱਚ ਅਤੇ ਦੋ ਸਾਲ ਸੱਤਾ ਵਿੱਚ ਕੰਮ ਕੀਤਾ ਹੈ। ਜੇਕਰ ਮੈਂ ਭ੍ਰਿਸ਼ਟਾਚਾਰੀ ਵਿਅਕਤੀ ਹਾਂ ਤਾਂ ਉਨ੍ਹਾਂ ਐਮਪੀ ਚੋਣਾਂ ਵੇਲੇ ਮੇਰੇ ਲਈ ਲੋਕਾਂ ਤੋਂ ਵੋਟਾਂ ਕਿਉਂ ਮੰਗੀਆਂ?"
“ਮਾਸੀ ਦਾ ਮੁੰਡਾ” ਵਾਲੇ ਬਿਆਨ ‘ਤੇ ਵੀ ਦਿੱਤਾ ਜਵਾਬ
ਉਨ੍ਹਾਂ ਕਿਹਾ ਕਿ ਉਹ (ਗੁਰਦੀਪ ਬਾਠ) ਹਰ ਇਕ ਪ੍ਰੈੱਸ ਕਾਨਫਰੰਸ ਵਿਚ ਹਰਿੰਦਰ ਧਾਲੀਵਾਲ ਨੂੰ ਮੇਰਾ ਮਾਸੀ ਦਾ ਮੁੰਡਾ ਆਖ ਕੇ ਸੰਬੋਧਨ ਕਰਦੇ ਹਨ। "ਕੀ ਉਨ੍ਹਾਂ ਨੂੰ ਨਹੀਂ ਪਤਾ ਕਿ ਹਰਿੰਦਰ ਮੇਰੀ ਮਾਸੀ ਦਾ ਮੁੰਡਾ ਹੈ ਜਾਂ ਨਹੀਂ? ਉਨ੍ਹਾਂ ਕਿਹਾ ਕਿ ਦੋਸਤਾਂ-ਮਿੱਤਰਾਂ ਦੀਆਂ ਮਾਵਾਂ ਵੀ ਮਾਸੀ ਹੀ ਹੁੰਦੀਆਂ ਹਨ। ਇਸ ਤਰ੍ਹਾਂ ਤਾਂ ਗੁਰਦੀਪ ਬਾਠ ਵੀ ਮੇਰੀ ਮਾਸੀ ਦਾ ਮੁੰਡਾ ਹੀ ਹੋਇਆ," ਮੀਤ ਹੇਅਰ ਨੇ ਕਿਹਾ।
ਮੈਂ ਸਾਫ ਦਿਲ ਦਾ ਵਿਅਕਤੀ ਹਾਂ
ਮੀਤ ਹੇਅਰ ਨੇ ਕਿਹਾ ਕਿ ਉਹਨਾਂ ਦੇ ਦਿਲ ਵਿੱਚ ਕਿਸੇ ਲਈ ਵੀ ਕੋਈ ਮੈਲ ਨਹੀਂ ਹੈ ਅਤੇ ਉਹਨਾਂ ਨੇ ਕਦੇ ਨਿੱਜੀ ਦੂਸ਼ਨਬਾਜ਼ੀ ਨਹੀਂ ਕੀਤੀ। ਮੇਰਾ ਮਨ ਹਮੇਸ਼ਾਂ ਲੋਕਾਂ ਦੀ ਸੇਵਾ ਲਈ ਖੁੱਲ੍ਹਾ ਰਿਹਾ ਹੈ। ਵਿਰੋਧੀ ਜਿੰਨਾ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲੈਣ, ਲੋਕ ਸੱਚਾਈ ਨੂੰ ਸਮਝਦੇ ਹਨ।
ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਰਾਮਨਿਵਾਸੀਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਬਰਨਾਲਾ ਕਲੱਬ ਦੇ ਸਕੱਤਰ ਇਸ਼ਵਿੰਦਰ ਜੰਡੂ, ਅਮਨ ਕਾਲਾ,ਸਾਹਿਲ ਕੁਮਾਰ, ਰੋਹਿਤ ਓਸ਼ੋ ਤੋਂ ਬਿਨਾਂ ਭਾਰੀ ਗਿਣਤੀ ਵਿਚ ਵਰਕਰ ਹਾਜ਼ਰ ਸਨ।