ਫਰਜ਼ੀ ਇਮੀਗ੍ਰੇਸ਼ਨ ਫਰਮਾਂ ’ਤੇ ਸ਼ਿਕੰਜਾ, 14 ਖ਼ਿਲਾਫ਼ ਕੇਸ
Friday, Aug 22, 2025 - 02:09 PM (IST)

ਚੰਡੀਗੜ੍ਹ (ਸੁਸ਼ੀਲ) : ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਅਤੇ ਬਿਨਾਂ ਇਜਾਜ਼ਤ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲਿਆਂ ਖ਼ਿਲਾਫ਼ ਚੰਡੀਗੜ੍ਹ ਪੁਲਸ ਵੱਲੋਂ ਸਪੈਸ਼ਲ ਮੁਹਿੰਮ ਚਲਾ ਕੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਹੁਣ ਪੁਲਸ ਨੇ 14 ਇਮੀਗ੍ਰੇਸ਼ਨ ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ 16 ਮਾਲਕਾਂ ਨੂੰ ਨਾਮਜ਼ਦ ਕੀਤਾ ਹੈ। ਫਰਮਾਂ ’ਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਉਸ ਹੁਕਮ ਦੀ ਉਲੰਘਣਾ ਕਰਨ ਦਾ ਦੋਸ਼ ਹੈ, ਜਿਸ ’ਚ ਏਜੰਟਾਂ ਨੂੰ ਪੂਰੀ ਜਾਣਕਾਰੀ ਸਬੰਧਿਤ ਐੱਸ. ਡੀ. ਐੱਮ. ਨੂੰ ਦੇਣੀ ਹੁੰਦੀ ਹੈ ਤੇ ਚਾਰ ਹਫ਼ਤਿਆਂ ’ਚ ਰਜਿਸਟ੍ਰੇਸ਼ਨ ਕਰਵਾਉਣਾ ਹੁੰਦਾ ਹੈ। ਪੁਲਸ ਅਨੁਸਾਰ ਕਈ ਲੋਕ ਜ਼ਾਅਲੀ ਵੀਜ਼ਾ ਤੇ ਨੌਕਰੀ ਦੇ ਝਾਂਸੇ ’ਚ ਠੱਗੀ ਦਾ ਸ਼ਿਕਾਰ ਹੋਏ ਹਨ। ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ 20 ਅਗਸਤ ਨੂੰ ਪੁਲਸ ਨੇ ਇਮੀਗ੍ਰੇਸ਼ਨ ਦਫ਼ਤਰਾਂ ਦੀ ਅਚਾਨਕ ਜਾਂਚ ਕੀਤੀ।
ਪੁਲਸ ਨੇ ਦਿੱਤੀ ਚੇਤਾਵਨੀ
ਪੁਲਸ ਦਾ ਕਹਿਣਾ ਹੈ ਕਿ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਕਿਸੇ ਵੀ ਏਜੰਟ ਜਾਂ ਫਰਮ ਨੂੰ ਬਖਸ਼ਿਆ ਨਹੀਂ ਜਾਵੇਗਾ। ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦੇਸ਼ ਜਾਣ ਲਈ ਸਿਰਫ਼ ਰਜਿਸਟਰਡ ਏਜੰਟਾਂ ਨਾਲ ਸੰਪਰਕ ਕਰਨ ਤੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਦੀ ਸੂਚਨਾ ਤੁਰੰਤ ਦੇਣ।