ਕਬਜ਼ੇ ਦੀ ਨੀਅਤ ਨਾਲ ਕੋਠੀ ਨੂੰ ਜੜੇ ਜਿੰਦੇ, 3 ਨਾਮਜ਼ਦ

04/06/2018 6:03:32 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)—ਕਬਜ਼ਾ ਕਰਨ ਦੀ ਨੀਅਤ ਨਾਲ ਕੋਠੀ ਨੂੰ ਜਿੰਦੇ ਲਾਉਣ ਦੇ ਮਾਮਲੇ 'ਚ 3 ਵਿਅਕਤੀਆਂ ਖਿਲਾਫ ਥਾਣਾ ਸਿਟੀ ਅਹਿਮਦਗੜ੍ਹ ਵਿਖੇ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਵਿਕਾਸ ਗੋਇਲ ਪੁੱਤਰ ਪ੍ਰਹਿਲਾਦ ਰਾਏ ਵਾਸੀ ਮਕਾਨ ਨੰ. 833 ਸੈਕਟਰ 9 ਪੰਚਕੂਲਾ ਹਰਿਆਣਾ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ ਪਿਤਾ ਨੇ ਆਪਣੀ ਕੋਠੀ ਨੰਬਰ 278, ਰਕਬਾ 362.5 ਵਰਗ ਗਜ਼ ਵਾਰਡ ਨੰਬਰ 9 ਅਹਿਮਦਗੜ੍ਹ ਦਾ ਮਲਕੀਅਤਨਾਮਾ ਵਸੀਕਾ ਨੰਬਰ 270 ਮਿਤੀ 11 ਮਈ 2016 ਰਾਹੀਂ ਉਸ ਦੇ ਨਾਂ ਕਰਵਾ ਕੇ ਉਸ ਦਾ ਕੋਠੀ 'ਤੇ ਕਬਜ਼ਾ ਕਰਵਾ ਦਿੱਤਾ। ਉਹ ਪੰਚਕੂਲੇ ਰਹਿੰਦਾ ਹੈ ਅਤੇ ਆਪਣੀ ਅਹਿਮਦਗੜ੍ਹ ਵਾਲੀ ਕੋਠੀ ਦੀ ਦੇਖ-ਭਾਲ ਕਦੇ-ਕਦੇ ਆ ਕੇ ਕਰਦਾ ਹੈ। ਉਸ ਦਾ ਕੋਠੀ 'ਚ ਸਾਮਾਨ ਵੀ ਪਿਆ ਹੈ। 29 ਮਾਰਚ ਨੂੰ ਉਸ ਨੇ ਆ ਕੇ ਵੇਖਿਆ ਕਿ ਉਸ ਦੀ ਕੋਠੀ ਨੂੰ ਕਿਸੇ ਹੋਰ ਨੇ ਆਪਣੇ ਜਿੰਦੇ ਲਾਏ ਹੋਏ ਸਨ। ਆਂਢ-ਗੁਆਂਢ 'ਚ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਉਸ ਦੀ ਕੋਠੀ ਨੂੰ ਪ੍ਰਹਿਲਾਦ ਰਾਏ ਪੁੱਤਰ ਪਿਆਰੇ ਲਾਲ, ਵਿਸ਼ਾਲ ਗੋਇਲ ਪੁੱਤਰ ਪ੍ਰਹਿਲਾਦ ਰਾਏ ਵਾਸੀ ਕ੍ਰਿਸ਼ਨਾ ਟਿੰਬਰ ਸਟੋਰ ਡਾਕਟਰ ਕੁੰਦਨ ਵਾਲੀ ਗਲੀ ਅਹਿਮਦਗੜ੍ਹ ਅਤੇ ਐੱਮ. ਕੇ. ਚਾਬੀ ਤਾਲੇ ਵਾਲਾ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਜਿੰਦੇ ਲਾਏ ਹਨ। ਪੁਲਸ ਨੇ ਮੁਦਈ ਦੇ ਬਿਆਨਾਂ 'ਤੇ ਪੜਤਾਲ ਕਰਨ ਉਪਰੰਤ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ।


Related News