ਰੇਹੜੀ ਫੜ੍ਹੀ ਯੂਨੀਅਨ ਵੱਲੋਂ ਮਾਰਕੀਟ ਕਮੇਟੀ ਦੇ ਸਕੱਤਰ ਵਿਰੁੱਧ ਪ੍ਰਦਰਸ਼ਨ
Wednesday, Jul 19, 2017 - 01:41 AM (IST)
ਕਾਦੀਆਂ, (ਨਈਅਰ)- ਮਾਰਕੀਟ ਕਮੇਟੀ ਵੱਲੋਂ ਫਰੂਟ ਨਾਲ ਲੱਦੇ 2 ਟੈਂਪੂ ਜੋ ਬਟਾਲਾ ਤੋਂ ਫਰੂਟ ਲੈ ਕੇ ਕਾਦੀਆਂ ਆ ਰਹੇ ਸਨ, ਨੂੰ ਕਾਦੀਆਂ ਮਾਰਕੀਟ ਕਮੇਟੀ ਦੀ ਫੀਸ ਅਦਾ ਨਾ ਕਰਨ ਦੇ ਕਾਰਨ ਫੜ ਕੇ ਪੁਲਸ ਥਾਣੇ ਬੰਦ ਕਰਨ ਦੇ ਰੋਸ ਵਜੋਂ ਅੱਜ ਸਵੇਰੇ ਸਥਾਨਕ ਰੇਹੜੀ ਫੜ੍ਹੀ ਯੂਨੀਅਨ ਵਾਲਿਆਂ ਨੇ ਪੁਲਸ ਥਾਣਾ ਕਾਦੀਆਂ ਵਿਖੇ ਮਾਰਕੀਟ ਕਮੇਟੀ ਵੱਲੋਂ ਧੱਕਾ ਕਰਨ ਦਾ ਦੋਸ਼ ਲਾਉਂਦਿਆਂ ਰੋਸ ਪ੍ਰਗਟ ਕੀਤਾ।
ਇਸ ਮੌਕੇ ਮਿੰਦਰਪਾਲ ਕੌਂਸਲਰ ਨੇ ਦੱਸਿਆ ਕਿ ਬਟਾਲਾ ਮੰਡੀ ਵਿਚੋਂ ਜੋ ਵੀ ਫਰੂਟ ਟੈਂਪੂਆਂ 'ਤੇ ਲੱਦ ਕੇ ਹੋਰ ਪਿੰਡਾਂ ਕਸਬਿਆਂ ਨੂੰ ਨਿਕਲਦਾ ਹੈ, ਉਸ ਦੀ ਬਟਾਲਾ ਮਾਰਕੀਟ ਕਮੇਟੀ ਨੇ ਫੀਸ ਪਹਿਲਾਂ ਹੀ ਲਈ ਹੁੰਦੀ ਹੈ ਅਤੇ ਹੁਣ ਇਹ ਫਰੂਟ ਕਾਦੀਆਂ ਆਉਣ 'ਤੇ ਕਾਦੀਆਂ ਦੀ ਮਾਰਕੀਟ ਕਮੇਟੀ ਦੋਬਾਰਾ ਇਸ ਦੀ ਫੀਸ ਮੰਗ ਰਹੀ ਹੈ। ਜੋ ਇਨ੍ਹਾਂ ਗਰੀਬਾਂ ਨਾਲ ਸਰਾਸਰ ਧੱਕਾ ਹੈ, ਜਿਸ ਨੂੰ ਕਦੇ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ।
ਜਦ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ, ਮਿੰਦਰਪਾਲ ਕੌਂਸਲਰ ਅਤੇ ਸਮੂਹ ਰੇਹੜੀ ਯੂਨੀਅਨ ਨੇ ਪੁਲਸ ਥਾਣਾ ਕਾਦੀਆਂ ਵਿਖੇ ਮਾਰਕੀਟ ਕਮੇਟੀ ਦੇ ਸਕੱਤਰ ਜਸਵਿੰਦਰ ਸਿੰਘ ਰਿਆੜ ਅਤੇ ਫੋਨ ਰਾਹੀਂ ਐੱਸ. ਡੀ. ਐੱਮ. ਬਟਾਲਾ ਨਾਲ ਗੱਲ ਕੀਤੀ ਪਰ ਜਸਵਿੰਦਰ ਸਿੰਘ ਉਨ੍ਹਾਂ ਨੂੰ ਫੀਸ ਦੀ ਪਰਚੀ ਕਰਵਾ ਕੇ ਮਾਲ ਲੈ ਜਾਣ 'ਤੇ ਅੜ੍ਹੇ ਰਹੇ।
ਇਸ ਮੌਕੇ ਗੱਡੀ ਦੇ ਡਰਾਈਵਰ ਨੇ ਮਾਰਕੀਟ ਕਮੇਟੀ ਦੇ ਸਕੱਤਰ ਜਸਵਿੰਦਰ ਸਿੰਘ ਰਿਆੜ ਨੂੰ ਦੱਸਿਆ ਕਿ ਉਹ ਹਰ ਮਹੀਨੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੂੰ 2500 ਰੁਪਏ ਜਮ੍ਹਾ ਕਰਵਾਉਂਦਾ ਹੈ। ਪਰ ਹੁਣ ਕਮੇਟੀ ਵਾਲੇ ਉਨ੍ਹਾਂ ਤੋਂ ਹੋਰ ਪੈਸੇ ਦੀ ਮੰਗ ਕਰਦੇ ਹਨ।
ਜਦੋਂ ਇਸ ਸੰਬੰਧ ਵਿਚ ਮਾਰਕੀਟ ਕਮੇਟੀ ਦੇ ਸਕੱਤਰ ਜਸਵਿੰਦਰ ਸਿੰਘ ਰਿਆੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਕਾਦੀਆਂ ਦੀ ਫੀਸ 'ਚ ਭਾਰੀ ਗਿਰਾਵਟ ਆ ਰਹੀ ਹੈ ਅਤੇ ਜੋ ਟੀਚਾ ਕਾਦੀਆਂ ਮੰਡੀ ਦਾ ਹੈ, ਉਹ ਦਿਨੋ-ਦਿਨ ਘੱਟਦਾ ਜਾ ਰਿਹਾ ਹੈ ਜੋ ਸਾਡੇ ਲਈ ਬਹੁਤ ਗੰਭੀਰ ਮਾਮਲਾ ਬਣ ਗਿਆ ਹੈ ਅਤੇ ਇਸ ਘਾਟੇ ਨੂੰ ਪੂਰਾ ਕਰਨ ਲਈ ਅਸੀ ਜੋ ਬਿਨਾਂ ਫੀਸ ਦਿੱਤੇ ਵਾਹਨ ਕਾਦੀਆਂ ਆਉਂਦੇ ਹਨ ਉਨ੍ਹਾਂ ਨਾਲ ਸਖਤੀ ਕੀਤੀ ਜਾਂਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮਾਰਕੀਟ ਕਮੇਟੀ ਕਾਦੀਆਂ ਵੱਲੋਂ 1500 ਰੁਪਏ ਲੈ ਕੇ ਮਾਲ ਛੱਡ ਦਿੱਤਾ ਗਿਆ ।
ਇਸ ਮੌਕੇ ਰੇਹੜੀ ਫੜ੍ਹੀ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਪੰਮਾ, ਅਸ਼ੋਕ ਕੁਮਾਰ, ਅਰਵਿੰਦ ਕੁਮਾਰ, ਹੀਰਾ ਲਾਲ, ਲਾਡੀ, ਕਾਲਾ, ਰਤਨ ਲਾਲ, ਤਰਸੇਮ ਲਾਲ, ਬੰਟੀ, ਸ਼ੇਰੂ, ਰਿੰਕਾ, ਵਿਨੋਦ ਕੁਮਾਰ ਟੋਨੀ, ਮਹਿੰਦਰ ਪਾਲ ਬਾਬਾ, ਦਰਸ਼ਨ ਲਾਲ ਰਿਆੜ, ਭੂਸ਼ਣ ਕੁਮਾਰ, ਲਾਡੀ, ਤਾਰਾ ਚੰਦ ਆਦਿ ਹਾਜ਼ਰ ਸਨ।
