ਸੂਬੇ ਦੇ ਸਿੱਖਾਂ ਨੇ ਪੰਨੂ ਨੂੰ ਨਕਾਰਿਆ, ਰੈਫਰੈਂਡਮ 2020 ਲਈ ਹਰਿਆਣਾ ਤੋਂ 'ਜ਼ੀਰੋ ਵੋਟ'
Saturday, Jul 11, 2020 - 10:02 PM (IST)
ਜਲੰਧਰ- ਅਮਰੀਕਾ ਦੇ ਵੱਖਵਾਦੀ ਸੰਗਠਨ ਸਿੱਖ ਫਾਰ ਜਸਟਿਸ ਵਲੋਂ ਚਲਾਈ ਜਾ ਰਹੀ ਰੈਫਰੈਂਡਮ 2020 ਮੁਹਿੰਮ ਨੂੰ ਹਰਿਆਣਾ ਦੇ ਸਿੱਖਾਂ ਨੇ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ। ਕੁਰੂਕਸ਼ੇਤਰ ਦੇ ਜਿਸ ਗੁਰਦੁਆਰਾ ਸਾਹਿਬ ਤੋਂ ਸ਼ਨੀਵਾਰ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਹੋਣੀ ਸੀ, ਉਥੇ ਰੈਫਰੈਂਡਮ ਦੇ ਲਈ ਨਾ ਤਾਂ ਇਕ ਵੀ ਵੋਟ ਪਈ ਅਤੇ ਨਾ ਹੀ ਮੁਹਿੰਮ ਦੀ ਸ਼ੁਰੂਆਤ ਹੋ ਸਕੀ। ਮੁਹਿੰਮ ਦੇ ਹਰਿਆਣਾ 'ਚ ਫੇਲ੍ਹ ਹੋਣ ਤੋਂ ਬੌਖਲਾਏ ਸੰਗਠਨ ਦੇ ਮੁਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਦੇ ਸਿੱਖਾਂ ਨੂੰ ਰਿਕਾਰਡਿਡ ਫੋਨ ਜ਼ਰੀਏ ਰੈਫਰੈਂਡਮ ਦੇ ਪੱਖ 'ਚ ਵੋਟ ਕਰਨ ਦੀ ਗੁਹਾਰ ਲਗਾਈ।
ਪੰਨੂ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਦੇ ਲਈ ਆਡੀਓ ਮੈਸੇਜ ਜਾਰੀ ਕੀਤੇ ਜਾਣ ਦੇ ਬਾਅਦ ਪੁਲਸ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਕਰ ਦਿੱਤੀ ਸੀ। ਹਾਲਾਂਕਿ ਸ਼ਨੀਵਾਰ ਨੂੰ ਸ਼ਰਧਾਲੂ ਆਸਾਨੀ ਨਾਲ ਮੱਥਾ ਟੇਕਣ ਲਈ ਆਉਂਦੇ ਰਹਿਣ ਪਰ ਕਿਸੇ ਨੇ ਵੀ ਰੈਫਰੈਂਡਮ ਦੀ ਨਾ ਤਾਂ ਚਰਚਾ ਕੀਤੀ ਅਤੇ ਨਾ ਇਸ 'ਚ ਹਿੱਸਾ ਲਿਆ। ਕੇਂਦਰੀ ਗ੍ਰਹਿ ਮੰਤਰਾਲਾ ਪਾਕਿਸਤਾਨ ਸਮਰਥਿਤ ਸਿੱਖ ਫਾਰ ਜਸਟਿਸ ਨੂੰ ਪਹਿਲਾਂ ਹੀ ਬੈਨ ਕਰ ਚੁੱਕਾ ਹੈ ਅਤੇ ਹਾਲ ਹੀ 'ਚ ਇਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਅੱਤਵਾਦੀਆਂ ਦੀ ਸੂਚੀ 'ਚ ਪਾਇਆ ਗਿਆ ਹੈ। ਗ੍ਰਹਿ ਮੰਤਰਾਲੇ ਨੂੰ ਇਨਪੁਟ ਹੈ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਪੰਜਾਬ 'ਚ ਅਸਥਿਰਤਾ ਫੈਲਾਉਣ ਦੇ ਲਈ ਇਸ ਮੁਹਿੰਮ ਨੂੰ ਫੰਡਿੰਗ ਕਰਨ ਦੇ ਨਾਲ-ਨਾਲ ਇਸ ਦਾ ਸਮਰਥਨ ਵੀ ਕਰ ਰਹੀ ਹੈ। ਗੁਰਪਤਵੰਤ ਸਿੰਘ ਪੰਨੂ ਇਸ ਮੁਹਿੰਮ ਦੇ ਲਈ ਪਿਛਲੇ 15 ਦਿਨਾਂ ਤੋਂ ਆਡੀਓ ਮੈਸੇਜ ਵਾਇਰਲ ਕਰਕੇ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਲਿਹਾਜਾ ਇਸ ਮੈਸੇਜ ਨੂੰ ਦੇਖਦੇ ਹੋਏ ਪੁਲਸ ਅਤੇ ਖੂਫੀਆ ਏਜੰਸੀਆਂ ਪਹਿਲਾਂ ਤੋਂ ਹੀ ਸਾਵਧਾਨ ਹੋ ਗਈਆਂ ਸਨ।
ਕੁਰੂਕਸ਼ੇਤਰ ਦੇ ਜਿਸ ਗੁਰਦੁਆਰਾ ਸਾਹਿਬ ਤੋਂ ਵੋਟਿੰਗ ਦੀ ਸ਼ੁਰੂਆਤ ਕਰਨ ਦੀ ਗੱਲ ਕਹੀ ਜਾ ਰਹੀ ਸੀ, ਉਸ ਦੇ ਪ੍ਰਬੰਧਕ ਅਮਰਿੰਦਰ ਸਿੰਘ ਨੇ ਰੈਫਰੈਂਡਮ ਦੇ ਲਈ ਗੁਰਦੁਆਰਾ ਛੇਵੀ ਪਾਤਸ਼ਾਹੀ ਤੋਂ ਹੋਣ ਵਾਲੀ ਵੋਟਿੰਗ ਨੂੰ ਕੋਰੀ ਅਫਵਾਹ ਕਰਾਰ ਦਿੱਤਾ ਹੈ। ਅਮਰਿੰਦਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦੀ ਸੋਚ ਦਾ ਸਮਰਥਨ ਨਹੀਂ ਕਰਦੀ ਅਤੇ ਸਿੱਖ ਸੰਗਤ ਨੂੰ ਵੀ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।