ਸਰਹਿੰਦ ਨਹਿਰ ''ਚ ਛਾਲ ਮਾਰਨ ਵਾਲੀ ਮਹਿਲਾ ਦੀ ਲਾਸ਼ ਬਰਾਮਦ
Sunday, Jun 11, 2017 - 07:00 AM (IST)
ਰੂਪਨਗਰ,(ਵਿਜੇ)- ਆਪਣੀ ਦੋ ਸਾਲਾ ਬੱਚੀ ਨਾਲ ਸਰਹਿੰਦ ਨਹਿਰ 'ਚ ਛਾਲ ਮਾਰਨ ਵਾਲੀ ਵਿਆਹੁਤਾ ਦੀ ਲਾਸ਼ ਝਾੜ ਸਾਹਿਬ ਨੇੜਿਓਂ ਬਰਾਮਦ ਹੋਈ, ਜਦੋਂਕਿ ਬੱਚੀ ਦੀ ਲਾਸ਼ ਨੂੰ ਪਹਿਲਾਂ ਹੀ ਬਰਾਮਦ ਕੀਤਾ ਜਾ ਚੁੱਕਾ ਹੈ।
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੰਦੀਪ ਕੌਰ ਨੇ ਦੱਸਿਆ ਕਿ ਕਾਹਨੋਵਾਨ ਰੋਡ ਗੁਰਦਾਸਪੁਰ ਵਾਸੀ ਸੀਮਾ ਦਾ ਵਿਆਹ ਰੂਪਨਗਰ ਸਦਾਬਰਤ ਦੇ ਵਾਸੀ ਅਨਿਲ ਨਾਲ ਹੋਇਆ ਸੀ, ਜਿਸ ਦੀਆਂ ਦੋ ਲੜਕੀਆਂ ਤੇ ਇਕ ਲੜਕਾ ਸੀ। ਵਿਆਹੁਤਾ ਦੀ ਸੱਸ ਪ੍ਰਸ਼ੋਤਮ ਕੌਰ ਤੇ ਸਹੁਰਾ ਬਲਵੀਰ ਸਿੰਘ ਹਿਮਾਚਲ ਪ੍ਰਦੇਸ਼ 'ਚ ਦਿਹਾੜੀਦਾਰ ਹਨ। 6 ਜੂਨ ਨੂੰ ਸੀਮਾ ਨੇ ਆਪਣੀ ਦੋ ਸਾਲਾ ਬੱਚੀ ਅਰਚਨਾ ਨਾਲ ਸਰਹਿੰਦ ਨਹਿਰ 'ਚ ਛਾਲ ਮਾਰ ਦਿੱਤੀ ਸੀ। ਬੱਚੀ ਦੀ ਲਾਸ਼ ਨੂੰ ਉਸੇ ਦਿਨ ਗੋਤਾਖੋਰ ਦੀ ਸਹਾਇਤਾ ਨਾਲ ਬਰਾਮਦ ਕਰ ਲਿਆ ਗਿਆ ਸੀ, ਜਦੋਂਕਿ ਮਹਿਲਾ ਦੀ ਲਾਸ਼ ਦਾ ਕੁਝ ਪਤਾ ਨਹੀਂ ਲੱਗਾ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਗੋਤਾਖੋਰਾਂ ਦੀ ਟੀਮ ਦੀ ਸਹਾਇਤਾ ਨਾਲ ਸੀਮਾ ਦੀ ਲਾਸ਼ ਨੂੰ ਝਾੜ ਸਾਹਿਬ ਕੋਲ ਬਰਾਮਦ ਕਰ ਲਿਆ ਗਿਆ ਤੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਈ ਗਈ, ਜਿਸ ਦਾ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹਸਪਤਾਲ 'ਚ ਪਹੁੰਚੇ ਮ੍ਰਿਤਕਾ ਦੇ ਭਰਾ ਜੋਗਿੰਦਰ ਪੁੱਤਰ ਮੁੰਦਰੀ ਨੇ ਉਸ ਦੀ ਭੈਣ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ।
